NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ

Sunday, Oct 31, 2021 - 05:12 PM (IST)

NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ (ਭਾਸ਼ਾ)— ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਵਿਚ ਭਾਰਤ ਵਿਚ ਰੋਜ਼ਾਨਾ ਔਸਤਨ 31 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। ਮਾਹਰਾਂ ਨੇ ਇਸ ਲਈ ਕੋਵਿਡ-19 ਮਹਾਮਾਰੀ ਕਾਰਨ ਬੱਚਿਆਂ ’ਤੇ ਪਏ ਮਨੋਵਿਗਿਆਨਕ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਮੁਤਾਬਕ 2020 ਵਿਚ ਦੇਸ਼ ਵਿਚ 11,396 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ, ਜੋ 2019 ਦੇ ਮੁਕਾਬਲੇ 18 ਫ਼ੀਸਦੀ ਵੱਧ ਹੈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ 2019 ’ਚ 9,613 ਜਦਕਿ 2018 ਵਿਚ 9,413 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਸੀ। 

ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਖ਼ੁਦਕੁਸ਼ੀ ਦੇ ਮੁੱਖ ਕਾਰਨ ਪਰਿਵਾਰਕ ਸਮੱਸਿਆਵਾਂ, ਪ੍ਰੇਮ ਪ੍ਰਸੰਗ ਅਤੇ ਬੀਮਾਰੀ ਸਨ। ਕੁਝ ਬੱਚਿਆਂ ਦੇ ਖ਼ੁਦਕੁਸ਼ੀ ਕਰਨ ਦੇ ਪਿੱਛੇ ਦੇ ਕਾਰਨ ਵਿਚਾਰਕ, ਬੇਰੁਜ਼ਗਾਰੀ, ਦੀਵਾਲੀਆਪਨ, ਨਪੁੰਸਕਤਾ ਅਤੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਵਰਗੇ ਕਾਰਨ ਸਨ। ਮਾਹਰਾਂ ਮੁਤਾਬਕ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਅਤੇ ਖੇਡ ਸਬੰਧੀ ਗਤੀਵਿਧੀਆਂ ਠੱਪ ਹੋਣ ਕਾਰਨ ਬੱਚਿਆਂ ਦਾ ਮਾਨਸਿਕ ਅਤੇ ਸਰੀਰ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਾਲ ਸੁਰੱਖਿਆ ਲਈ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ‘ਸੇਵ ਦਿ ਚਿਲਡਰਨ’ ਦੇ ਉਪ ਨਿਰਦੇਸ਼ਕ ਪ੍ਰਭਾਤ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਤੋਂ ਇਲਾਵਾ ਸਮਾਜਿਕ ਇਕਤਾਂਵਾਸ ਕਾਰਨ ਬੱਚਿਆਂ ਸਮੇਤ ਬਾਲਗਾਂ ਦੀ ਮਾਨਸਿਕ ਸਿਹਤ ਬੁਰੀ ਅਸਰ ਪਿਆ। 

ਕੁਮਾਰ ਨੇ ਕਿਹਾ ਕਿ ਅਸੀਂ ਰਾਸ਼ਟਰੀ ਮਨੁੱਖੀ ਪੂੰਜੀ ਦੇ ਨਿਰਮਾਣ ਲਈ ਬੱਚਿਆਂ ਦੀ ਸਿੱਖਿਆ ਅਤੇ ਸਰੀਰ ਸਿਹਤ ਵਰਗੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਪਰ ਇਸ ਦੌਰਾਨ ਅਸੀਂ ਉਨ੍ਹਾਂ ਦੇ ਮਾਨਸਿਕ ਸਿਹਤ ਜਾਂ ਉਨ੍ਹਾਂ ਦੇ ਮਨੋਵਿਗਿਆਨਕ ਅਤੇ ਸਮਾਜਿਕ ਤੌਰ ’ਤੇ ਸਮਰਥਨ ਦੇਣ ’ਤੇ ਧਿਆਨ ਨਹੀਂ ਦਿੰਦੇ। ਬੱਚਿਆਂ ਵਿਚ ਖ਼ੁਦਕੁਸ਼ੀ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਪੂਰੇ ਤੰਤਰ ਦੀ ਅਸਫ਼ਲਤਾ ਨੂੰ ਸਾਹਮਣੇ ਲਿਆ ਦਿੱਤਾ ਹੈ। ਇਹ ਮਾਤਾ-ਪਿਤਾ, ਪਰਿਵਾਰਾਂ, ਗੁਆਂਢ ਅਤੇ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਇਕ ਚੰਗਾ ਮਾਹੌਲ ਤਿਆਰ ਕਰਨ, ਜਿੱਥੇ ਬੱਚਿਆਂ ਆਪਣੇ ਚੰਗੇ ਭਵਿੱਖ ਪ੍ਰਤੀ ਅਤੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਤਿਆਰ ਹੋ ਸਕਣ।


author

Tanu

Content Editor

Related News