ਭਾਰਤ ਦੀ ਵਾਧਾ ਦਰ ਅਗਲੇ 2 ਵਿੱਤੀ ਸਾਲਾਂ ’ਚ 6.7 ਫ਼ੀਸਦੀ ਰਹੇਗੀ : ਵਿਸ਼ਵ ਬੈਂਕ
Friday, Jan 17, 2025 - 10:30 PM (IST)
ਵਾਸ਼ਿੰਗਟਨ, (ਭਾਸ਼ਾ)- ਵਿਸ਼ਵ ਬੈਂਕ ਦੇ ਦੱਖਣ ਏਸ਼ੀਆ ਦੇ ਤਾਜ਼ਾ ਵਿਕਾਸ ਅੰਦਾਜ਼ਿਆਂ ਅਨੁਸਾਰ ਅਪ੍ਰੈਲ 2025 ਤੋਂ ਅਗਲੇ 2 ਵਿੱਤੀ ਸਾਲਾਂ ਲਈ ਭਾਰਤ ਦੀ ਆਰਥਿਕ ਵਾਧਾ ਦਰ 6.7 ਫ਼ੀਸਦੀ ਪ੍ਰਤੀ ਸਾਲ ’ਤੇ ਸਥਿਰ ਰਹਿਣ ਦਾ ਅੰਦਾਜ਼ਾ ਹੈ।
ਵਿਸ਼ਵ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2025-26 ’ਚ ਦੱਖਣ ਏਸ਼ੀਆ ’ਚ ਵਾਧਾ ਦਰ ਵਧ ਕੇ 6.2 ਫ਼ੀਸਦੀ ਹੋਣ ਦੀ ਉਮੀਦ ਹੈ। ਇਸ ’ਚ ਭਾਰਤ ’ਚ ਮਜ਼ਬੂਤ ਵਾਧਾ ਹੋਣਾ ਸ਼ਾਮਲ ਹੈ।
ਬੈਂਕ ਨੇ ਕਿਹਾ, ‘‘ਸੇਵਾ ਖੇਤਰ ’ਚ ਲਗਾਤਾਰ ਵਿਸਥਾਰ ਹੋਣ ਦੀ ਉਮੀਦ ਹੈ। ਵਿਨਿਰਮਾਣ ਗਤੀਵਿਧੀਆਂ ਮਜ਼ਬੂਤ ਹੋਣਗੀਆਂ, ਜਿਸ ਨੂੰ ਕਾਰੋਬਾਰੀ ਮਾਹੌਲ ’ਚ ਸੁਧਾਰ ਲਈ ਸਰਕਾਰ ਦੀਆਂ ਤਰਜੀਹਾਂ ਦਾ ਸਮਰਥਨ ਪ੍ਰਾਪਤ ਹੋਵੇਗਾ। ਨਿਵੇਸ਼ ਵਾਧਾ ਸਥਿਰ ਰਹਿਣ ਦਾ ਅੰਦਾਜ਼ਾ ਹੈ ਅਤੇ ਨਿੱਜੀ ਨਿਵੇਸ਼ ’ਚ ਵਾਧੇ ਨਾਲ ਜਨਤਕ ਨਿਵੇਸ਼ ’ਚ ਨਰਮੀ ਦੀ ਪੂਰਤੀ ਹੋਵੇਗੀ।
ਵਿੱਤੀ ਸਾਲ 2024-25 (ਅਪ੍ਰੈਲ 2024 ਤੋਂ ਮਾਰਚ 2025) ’ਚ ਭਾਰਤ ਦੀ ਵਾਧਾ ਦਰ ਘਟ ਕੇ 6.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ, ਜੋ ਨਿਵੇਸ਼ ’ਚ ਮੰਦੀ ਅਤੇ ਵਿਨਿਰਮਾਣ ਖੇਤਰ ਦੇ ਕਮਜ਼ੋਰ ਵਾਧੇ ਨੂੰ ਦਰਸਾਉਂਦਾ ਹੈ। ਭਾਰਤ ਤੋਂ ਇਲਾਵਾ ਇਸ ਖੇਤਰ ’ਚ 2024 ’ਚ ਵਾਧਾ ਦਰ ਵਧ ਕੇ 3.9 ਫ਼ੀਸਦੀ ਹੋ ਜਾਣ ਦਾ ਅੰਦਾਜ਼ਾ ਹੈ। ਇਹ ਮੁੱਖ ਤੌਰ ’ਤੇ ਪਾਕਿਸਤਾਨ ਅਤੇ ਸ਼੍ਰੀਲੰਕਾ ’ਚ ਸੁਧਾਰ ਨੂੰ ਦਰਸਾਉਂਦਾ ਹੈ, ਜੋ ਆਰਥਿਕ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਅਪਣਾਈਆਂ ਗਈਆਂ ਬਿਹਤਰ ਵਿਆਪਕ ਆਰਥਕ ਨੀਤੀਆਂ ਦਾ ਨਤੀਜਾ ਹੈ।