ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਵਪਾਰ ਸਮਝੌਤਿਆਂ ’ਤੇ ਚੱਲ ਰਹੀ ਹੈ ਗੱਲਬਾਤ : ਗੋਇਲ
Friday, Aug 08, 2025 - 10:54 PM (IST)

ਨਵੀਂ ਦਿੱਲੀ, (ਭਾਸ਼ਾ)- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਕਿਹਾ ਕਿ ਭਾਰਤ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਵਪਾਰ ਸਮਝੌਤਿਆਂ ’ਤੇ ਗੱਲਬਾਤ ਕਰ ਰਿਹਾ ਹੈ। ਕਈ ਦੇਸ਼ ਵਪਾਰ ਮੋਰਚੇ ’ਤੇ ਭਾਰਤ ਨਾਲ ਜੁੜਨ ਲਈ ਉਤਸੁਕ ਹਨ।
ਗੋਇਲ ਨੇ ਸ਼ੁੱਕਰਵਾਰ ਇਕ ਪ੍ਰੋਗਰਾਮ ’ਚ ਭਰੋਸਾ ਪ੍ਰਗਟ ਕੀਤਾ ਕਿ ਵਿੱਤੀ ਸਾਲ 2025-26 ’ਚ ਭਾਰਤ ਦੀ ਬਰਾਮਦ ਪਿਛਲੇ ਸਾਲ ਦੇ ਅੰਕੜਿਆਂ ਤੋਂ ਵੱਧ ਜਾਵੇਗੀ। ਅਸੀਂ ਓਮਾਨ, ਯੂਰਪੀਨ ਯੂਨੀਅਨ, ਅਮਰੀਕਾ, ਚਿਲੀ, ਪੇਰੂ ਤੇ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ। ਕਈ ਹੋਰ ਦੇਸ਼ ਭਾਰਤ ਨਾਲ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਦੀ ਤਾਕਤ ਤੇ ਸਾਡੀ ਵੱਡੀ ਆਬਾਦੀ ਨੂੰ ਪਛਾਣਦੀ ਹੈ। 140 ਕਰੋੜ ਲੋਕ ਮਿਲ ਕੇ ਇਕ ਵੱਡੀ ਮੰਗ ਤੇ ਇਕ ਵਿਸ਼ਾਲ ਘਰੇਲੂ ਬਾਜ਼ਾਰ ਪੈਦਾ ਕਰਦੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸੋਚੋ ਕਿ ਹਰ ਕੋਈ ਭਾਰਤ ਨਾਲ ਵਪਾਰ ਕਰਨ ਜਾਂ ਇੱਥੇ ਬਾਜ਼ਾਰ ਤੱਕ ਬਿਹਤਰ ਪਹੁੰਚ ਹਾਸਲ ਕਰਨ ਲਈ ਇੰਨਾ ਉਤਸੁਕ ਕਿਉਂ ਹੁੰਦਾ?