ਭਾਰਤ ਨੇ ਨਹੀਂ ਭੇਜਿਆ ਪਾਕਿ ਨੂੰ ਗੱਲਬਾਤ ਦਾ ਸੁਨੇਹਾ: ਵਿਦੇਸ਼ ਮੰਤਰਾਲਾ
Friday, Oct 16, 2020 - 02:27 AM (IST)
ਨਵੀਂ ਦਿੱਲੀ - ਭਾਰਤ ਦੇ ਵਿਦੇਸ਼ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਸਾਡੇ ਵਲੋਂ ਪਾਕਿਸਤਾਨ ਨੂੰ ਕੋਈ ਸੁਨੇਹਾ ਨਹੀਂ ਭੇਜਿਆ ਗਿਆ ਹੈ ਅਤੇ ਨਾ ਹੀ ਗੱਲਬਾਤ ਸ਼ੁਰੂ ਕਰਨ ਲਈ ਇੱਛਾ ਜਤਾਈ ਹੈ। ਇਸ ਨੂੰ ਲੈ ਕੇ ਹੋ ਰਹੀਆਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੈ। ਭਾਰਤ ਦਾ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਉਸ ਇੰਟਰਵਿਊ ਨੂੰ ਲੈ ਕੇ ਆਇਆ ਹੈ। ਜਿਸ 'ਚ ਪਾਕਿ ਐੱਨ.ਐੱਸ.ਏ. ਡਾ. ਮੋਇਦ ਯੂਸੁਫ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿ ਨੂੰ ਸੁਨੇਹਾ ਭੇਜਿਆ ਗਿਆ ਹੈ ਜਿਸ 'ਚ ਉਨ੍ਹਾਂ ਨੇ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਜਤਾਈ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ, “ਅਸੀਂ ਪਾਕਿਸਤਾਨ ਦੇ ਇੱਕ ਸੀਨੀਅਰ ਅਧਿਕਾਰੀ ਦੇ ਇੰਟਰਵਿਊ ਨਾਲ ਸਬੰਧਿਤ ਰਿਪੋਰਟ ਦੇਖੀ ਹੈ। ਇਸ 'ਚ ਉਨ੍ਹਾਂ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਨੂੰ ਲੈ ਕੇ ਮੈਸੇਜ ਭੇਜੇ ਗਏ ਹਨ।“ ਉਨ੍ਹਾਂ ਦਾ ਬਿਆਨ ਕਾਲਪਨਿਕ, ਗੁੰਮਰਾਹ ਕਰਨ ਵਾਲਾ ਅਤੇ ਤੱਥਾਂ ਤੋਂ ਪਰੇ ਹੈ। ਹਮੇਸ਼ਾ ਦੀ ਤਰ੍ਹਾਂ ਪਾਕਿਸਤਾਨ ਘਰੇਲੂ ਨਾਕਾਮੀਆਂ ਨੂੰ ਲੁਕਾਉਣ ਲਈ ਅਤੇ ਆਪਣੀ ਜਨਤਾ ਨੂੰ ਗੁੰਮਰਾਹ ਕਰਨ ਲਈ ਭਾਰਤ ਦਾ ਨਾਮ ਲੈ ਰਿਹਾ ਹੈ।