ਭਾਰਤ ਬਰਡ ਫਲੂ ਮੁਕਤ ਐਲਾਨ, ਹੁਣ ਤਕ ਮਾਰੇ 83 ਲੱਖ ਪੰਛੀ
Saturday, Sep 07, 2019 - 05:32 PM (IST)

ਨਵੀਂ ਦਿੱਲੀ (ਵਾਰਤਾ)— ਵਿਸ਼ਵ ਪਸ਼ੂ ਸਿਹਤ ਸੰਗਠਨ (ਓ. ਆਈ. ਏ.) ਨੇ ਭਾਰਤ ਨੂੰ ਪੰਛੀਆਂ 'ਚ ਹੋਣ ਵਾਲੇ ਗੰਭੀਰ ਰੋਗ ਏਵੀਅਨ ਇਨਫਲੂਐਨਜ਼ਾ (ਐੱਚ5 ਐੱਨ1) ਬਰਡ ਫਲੂ ਤੋਂ ਮੁਕਤ ਕਰ ਦਿੱਤਾ ਹੈ। ਵਿਸ਼ਵ ਪਸ਼ੂ ਸਿਹਤ ਸੰਗਠਨ ਨੇ 3 ਸਤੰਬਰ ਨੂੰ ਭਾਰਤ ਨੂੰ ਏਵੀਅਨ ਇਨਫਲੂਐਨਜ਼ਾ ਤੋਂ ਮੁਕਤ ਐਲਾਨ ਕੀਤਾ ਹੈ। ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਸਕੱਤਰ ਉਪਾਮਨਿਊ ਬਸੂ ਨੇ ਉਸੇ ਦਿਨ ਸੂਬਿਆਂ ਵਿਚ ਮੁੱਖ ਸਕੱਤਰਾਂ ਨੂੰ ਚਿੱਠੀ ਭੇਜ ਕੇ ਇਹ ਜਾਣਕਾਰੀ ਦਿੱਤੀ। ਏਵੀਅਨ ਇਨਫਲੂਐਨਜ਼ਾ ਦੇ ਵਿਸ਼ਾਣੂ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕਈ ਵਾਰ ਗੰਭੀਰ ਰੂਪ ਨਾਲ ਪੀੜਤ ਹੋਣ 'ਤੇ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਪੀੜਤ ਹੋਣ 'ਤੇ ਸਾਹ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਸ਼ੁਰੂ ਵਿਚ ਸਰਦੀ, ਖੰਘ ਅਤੇ ਬੁਖਾਰ ਇਸ ਦੇ ਲੱਛਣ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੋਈ ਹੈ। ਦੇਸ਼ ਵਿਚ ਹੁਣ ਤਕ 49 ਵਾਰ ਵੱਖ-ਵੱਖ ਸੂਬਿਆਂ 'ਚ 225 ਥਾਵਾਂ 'ਤੇ ਇਹ ਬੀਮਾਰੀ ਫੈਲੀ ਹੈ, ਜਿਸ 'ਚ 83 ਲੱਖ ਪੰਛੀਆਂ ਨੂੰ ਮਾਰਿਆ ਗਿਆ ਹੈ।
ਸਾਲ 2017 ਵਿਚ ਇਹ ਬੀਮਾਰੀ ਗੁਜਰਾਤ, ਓਡੀਸ਼ਾ, ਦਮਨ ਦੀਵ, ਕਰਨਾਟਕ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ 'ਚ ਮਾਮੂਲੀ ਰੂਪ ਨਾਲ ਫੈਲੀ। ਸਾਲ 2018 ਦੇ ਦਸੰਬਰ ਵਿਚ ਇਹ ਬੀਮਾਰੀ ਓਡੀਸ਼ਾ 'ਚ 9 ਥਾਵਾਂ 'ਤੇ ਅਤੇ ਬਿਹਾਰ 'ਚ 3 ਥਾਵਾਂ 'ਤੇ ਫੈਲੀ ਸੀ। ਦੇਸ਼ ਵਿਚ ਪਹਿਲੀ ਵਾਰ ਏਵੀਅਨ ਇਨਫਲੂਐਨਜ਼ਾ ਸਾਲ 2006 ਵਿਚ ਫਰਵਰੀ ਤੋਂ ਅਪ੍ਰੈਲ ਦੌਰਾਨ ਮਹਾਰਾਸ਼ਟਰ 28 ਥਾਵਾਂ ਅਤੇ ਗੁਜਰਾਤ 'ਚ 1 ਥਾਂ 'ਤੇ ਫੈਲੀ ਸੀ। ਇਸ ਦੌਰਾਨ ਕਰੀਬ 10 ਲੱਖ ਪੰਛੀਆਂ ਨੂੰ ਮਾਰਿਆ ਗਿਆ ਸੀ ਅਤੇ 2.7 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਸਾਲ 2008 ਵਿਚ ਜਨਵਰੀ ਤੋਂ ਮਈ ਏਵੀਅਨ ਇਨਫਲੂਐਨਜ਼ਾ ਦਾ ਹੁਣ ਤਕ ਦਾ ਸਭ ਤੋਂ ਵੱਡਾ ਕਹਿਰ ਪੱਛਮੀ ਬੰਗਾਲ 'ਚ ਹੋਇਆ ਸੀ। ਇਸ ਦੌਰਾਨ ਇਸ ਸੂਬੇ ਵਿਚ 68 ਥਾਵਾਂ 'ਤੇ ਇਹ ਬੀਮਾਰੀ ਫੈਲੀ ਸੀ, ਜਿਸ ਵਿਚ 42 ਲੱਖ 62 ਹਜ਼ਾਰ ਪੰਛੀਆਂ ਨੂੰ ਮਾਰਿਆ ਗਿਆ ਸੀ ਅਤੇ ਇਸ ਲਈ 1,229 ਲੱਖ ਰੁਪਏ ਦੀ ਨੁਕਸਾਨ ਰਾਸ਼ੀ ਦਿੱਤੀ ਗਈ ਸੀ। ਦੇਸ਼ ਵਿਚ ਬਰਡ ਫਲੂ ਦੀ ਰੋਕਥਾਮ ਅਤੇ ਨਿਗਰਾਨੀ ਲਈ ਸਾਲ 2013 ਵਿਚ ਨਿਗਰਾਨੀ ਯੋਜਨਾ ਤਿਆਰੀ ਕੀਤੀ ਗਈ ਸੀ ਅਤੇ ਸੂਬਿਆਂ ਵਿਚ ਲੈਬੋਰਟਰੀਆਂ ਦੀ ਸਥਾਪਨਾ ਕੀਤੀ ਸੀ। ਸਾਲ 2015 ਵਿਚ ਇਸ ਬੀਮਾਰੀ ਦੇ ਕੰਟਰੋਲ ਕੰਮ ਯੋਜਨਾ ਦੀ ਸ਼ੋਧ ਕੀਤੀ ਗਈ ਸੀ।