ਰਾਮਨੌਮੀ ''ਤੇ ਇਸਲਾਮਿਕ ਸਹਿਯੋਗ ਸੰਗਠਨ ਦੇ ਬਿਆਨ ਦੀ ਭਾਰਤ ਵੱਲੋਂ ਨਿਖੇਧੀ, ਦੱਸਿਆ ਫ਼ਿਰਕੂ ਮਾਨਸਿਕਤਾ ਦੀ ਮਿਸਾਲ
Wednesday, Apr 05, 2023 - 04:36 AM (IST)
ਨਵੀਂ ਦਿੱਲੀ (ਵਾਰਤਾ) ਭਾਰਤ ਨੇ ਮੰਗਲਵਾਰ ਨੂੰ ਇਸਲਾਮਿਕ ਸਹਿਯੋਗ ਸੰਗਠਨ (OIC) ਦੇ ਰਾਮਨੌਮੀ ਮੌਕੇ 'ਤੇ ਜਾਰੀ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ OIC ਦੀ ਫ਼ਿਰਕੂ ਮਾਨਸਿਕਤਾ ਤੇ ਭਾਰਤ ਵਿਰੋਧੀ ਏਜੰਡੇ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਦੀਪਕ 'ਬਾਕਸਰ' ਨੂੰ ਅੱਜ ਲਿਆਂਦਾ ਜਾਵੇਗਾ ਦਿੱਲੀ, ਮੈਕਸੀਕੋ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੇਰ ਸ਼ਾਮ ਇਕ ਬਿਆਨ ਵਿਚ ਕਿਹਾ ਕਿ OIC ਸਿਰਫ਼ ਭਾਰਤ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਹੇਰਫ਼ੇਰ ਕਰ ਕੇ ਆਪਣੇ ਮਾਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ, "ਅਸੀਂ ਭਾਰਤ ਸਬੰਧੀ OIC ਸਕੱਤਰੇਤ ਵੱਲੋਂ ਅੱਜ ਜਾਰੀ ਕੀਤੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਇਹ ਉਨ੍ਹਾਂ ਦੀ ਫ਼ਿਰਕੂ ਮਾਨਸਿਕਤਾ ਤੇ ਭਾਰਤ ਵਿਰੋਧੀ ਏਜੰਡੇ ਦੀ ਇਕ ਹੋਰ ਮਿਸਾਲ ਹੈ।"
ਇਹ ਖ਼ਬਰ ਵੀ ਪੜ੍ਹੋ - ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ, ਫ਼ਿਰ ਹਾਈਵੇਅ 'ਤੇ ਸੁੱਟੀ ਲਾਸ਼
OIC ਰਾਮਨੌਮੀ ਹਿੰਸਾ ਨੂੰ ਦੱਸਿਆ ਸੀ 'ਇਸਲਾਮੋਫ਼ੋਬੀਆ'
ਉਕਤ ਪ੍ਰਤੀਕਰਮ OIC ਜਨਰਲ ਸਕੱਤਰੇਤ ਦੇ ਉਸ ਬਿਆਨ 'ਤੇ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਰਾਮਨੌਮੀ ਮੌਕੇ ਸ਼ੋਭਾਯਾਤਰਾ ਦੌਰਾਨ ਭਾਰਤ ਦੇ ਕਈ ਸੂਬਿਆਂ ਵਿਚ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਤੇ ਭੰਨਤੋੜ ਦੀਆਂ ਸਰਗਰਮੀਆਂ 'ਤੇ ਡੂੰਘੀ ਚਿੰਤਾ ਜਤਾਈ ਗਈ। ਇਸ ਵਿਚ 31 ਮਾਰਚ 2023 ਨੂੰ ਬਿਹਾਰਸ਼ਰੀਫ਼ ਵਿਚ ਇਕ ਭੀੜ ਵੱਲੋਂ ਮਦਰਸੇ ਤੇ ਉਸ ਦੀ ਲਾਇਬ੍ਰੇਰੀ ਨੂੰ ਫ਼ੂਕਨਾ ਵੀ ਸ਼ਾਮਲ ਹੈ। OIC ਨੇ ਰਾਮਨੌਮੀ ਦੌਰਾਨ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਇਸ ਨੂੰ ਭਾਰਤ ਵਿਚ ਵੱਧਦੇ ਇਸਲਾਮੋਫ਼ੋਬੀਆ ਦੀ ਮਿਸਾਲ ਦੱਸਦਿਆਂ ਭਾਰਤੀ ਅਧਿਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਮੁਸਲਮਾਨ ਭਾਈਚਾਰੇ ਦੀ ਸੁਰੱਖਿਆ ਤੇ ਸਨਮਾਨ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।