ਚੀਨ ਨਾਲ ਤਣਾਅ ਨੂੰ ਲੈ ਕੇ ਵਿਦੇਸ਼ ਮੰਤਰੀ ਬੋਲੇ- ਲੱਦਾਖ ਦੇ ਹਾਲਾਤ 'ਬਹੁਤ ਗੰਭੀਰ'

09/08/2020 12:16:53 PM

ਨਵੀਂ ਦਿੱਲੀ— ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਇਕ ਵਾਰ ਫਿਰ ਤੋਂ ਸ਼ਿਖਰਾਂ 'ਤੇ ਹੈ। ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਬੀਤੀ ਰਾਤ ਗੋਲੀਬਾਰੀ ਹੋਈ। ਇਸ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਚੀਨ ਨਾਲ ਸਰਹੱਦ 'ਤੇ ਬਣੀ ਸਥਿਤੀ ਨੂੰ ਗੁਆਂਢੀ ਦੇਸ਼ ਨਾਲ ਰਿਸ਼ਤਿਆਂ ਦੀ ਸਥਿਤੀ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਵਿਦੇਸ਼ ਮੰਤਰੀ ਨੇ ਲੱਦਾਖ ਦੇ ਹਾਲਾਤ ਨੂੰ ਬਹੁਤ ਗੰਭੀਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਦੋਹਾਂ ਪੱਖਾਂ ਵਿਚਾਲੇ ਸਿਆਸੀ ਪੱਧਰ 'ਤੇ ਬਹੁਤ ਹੀ ਸਲਾਹ-ਮਸ਼ਵਰੇ ਦੀ ਲੋੜ ਹੈ।

ਇਹ ਵੀ ਪੜ੍ਹੋ: 45 ਸਾਲ ਬਾਅਦ LAC 'ਤੇ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਗੋਲੀਬਾਰੀ

ਬੀਤੀ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਆਮ ਕਰਨ ਲਈ ਗੱਲਬਾਤ ਹੋ ਰਹੀ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਨ੍ਹਾਂ ਘਟਨਾਵਾਂ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰੂਸ ਦਾ ਦੌਰਾ ਕਰਨ ਵਾਲੇ ਹਨ, ਜਿੱਥੇ ਸਰਹੱਦੀ ਵਿਵਾਦ ਨੂੰ ਲੈ ਕੇ ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰ ਸਕਦੇ ਹਨ।

ਇਹ ਵੀ ਪੜ੍ਹੋ: LAC ਤਣਾਅ 'ਤੇ ਫੌਜ ਦਾ ਬਿਆਨ- ਗੋਲੀਬਾਰੀ ਕਰ ਕੇ ਜਾਣ ਬੁੱਝ ਕੇ ਭੜਕਾ ਰਿਹਾ ਹੈ ਚੀਨ

ਜੈਸ਼ੰਕਰ ਨੇ ਕਿਹਾ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਹਿੰਸਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋਣ ਤੋਂ ਬਾਅਦ ਐੱਲ. ਏ. ਸੀ. 'ਤੇ ਤਣਾਅ ਕਾਫੀ ਵੱਧ ਗਿਆ ਸੀ। ਚੀਨੀ ਜਵਾਨ ਵੀ ਜ਼ਖਮੀ ਹੋਏ ਪਰ ਗੁਆਂਢੀ ਦੇਸ਼ ਨੇ ਉਸ ਦਾ ਕੋਈ ਬਿਓਰਾ ਨਹੀਂ ਦਿੱਤਾ। ਵਿਦੇਸ਼ ਮੰਤਰੀ ਨੇ ਸਾਫ ਕੀਤਾ ਕਿ ਜੇਕਰ ਸਰਹੱਦ 'ਤੇ ਅਮਨ-ਚੈਨ ਨਹੀਂ ਰਹਿੰਦਾ ਤਾਂ ਬਾਕੀ ਰਿਸ਼ਤੇ ਜਾਰੀ ਨਹੀਂ ਰਹਿ ਸਕਦੇ, ਕਿਉਂਕਿ ਸਪੱਸ਼ਟ ਰੂਪ ਨਾਲ ਸੰਬੰਧਾਂ ਦਾ ਆਧਾਰ ਸ਼ਾਂਤੀ ਹੀ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਸਰੱਹਦ ਪ੍ਰਬੰਧਨ 'ਤੇ 1993 ਤੋਂ ਹੋਏ ਅਨੇਕ ਸਮਝੌਤਿਆਂ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚ ਸਪੱਸ਼ਟ ਸ਼ਰਤ ਹੈ ਕਿ ਸਰਹੱਦ 'ਤੇ ਫੋਰਸ ਦਾ ਪੱਧਰ ਘੱਟ ਤੋਂ ਘੱਟ ਰਹੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਹੁਤ ਹੀ ਗੰਭੀਰ ਸਵਾਲ ਉਠਦੇ ਹਨ। ਇਹ ਬਹੁਤ ਗੰਭੀਰ ਸਥਿਤੀ ਮਈ ਦੀ ਸ਼ੁਰੂਆਤ ਤੋਂ ਹੈ ਅਤੇ ਇਸ 'ਚ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਪੱਧਰ 'ਤੇ ਬਹੁਤ ਹੀ ਡੂੰਘਾਈ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਹੈ।


Tanu

Content Editor

Related News