ਫੌਜਾਂ ਨੂੰ ਪੂਰੀ ਤਰ੍ਹਾਂ ਹਟਾਉਣ ’ਤੇ ਸਰਗਰਮੀ ਨਾਲ ਕੰਮ ਕਰਨਗੇ ਭਾਰਤ-ਚੀਨ

Friday, Sep 13, 2024 - 01:01 AM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੀਆਂ ਬਾਕੀ ਥਾਵਾਂ ਤੋਂ ਫੌਜਾਂ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਸਰਗਰਮੀ ਨਾਲ ਕੰਮ ਕਰਨ ਅਤੇ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਸਹਿਮਤੀ ਪ੍ਰਗਟਾਈ ਹੈ।

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸੇਂਟ ਪੀਟਰਸਬਰਗ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਸਰਹੱਦ ’ਤੇ ਲੰਬੇ ਸਮੇਂ ਤੋਂ ਚੱਲ ਰਹੇ ਅੜਿੱਕੇ ਦੇ ਛੇਤੀ ਹੱਲ ਵੱਲ ਧਿਆਨ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਡੋਭਾਲ ਨੇ ਵਾਂਗ ਨੂੰ ਦੱਸਿਆ ਕਿ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਅਸਲ ਕੰਟਰੋਲ ਰੇਖਾ ਦਾ ਸਨਮਾਨ ਦੁਵੱਲੇ ਸਬੰਧਾਂ ਲਈ ਜ਼ਰੂਰੀ ਹੈ।

ਡੋਭਾਲ ਅਤੇ ਵਾਂਗ ਵਿਚਾਲੇ ਇਹ ਮੁਲਾਕਾਤ ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ਵਿਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਕਾਨਫਰੰਸ ਦੌਰਾਨ ਹੋਈ। ਬ੍ਰਿਕਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਡੋਭਾਲ ਨੇ ਸੇਂਟ ਪੀਟਰਸਬਰਗ ’ਚ ਪੁਤਿਨ ਨਾਲ ਮੁਲਾਕਾਤ ਕੀਤੀ

ਅਜੀਤ ਡੋਭਾਲ ਨੇ ਯੂਕ੍ਰੇਨ ਵਿਵਾਦ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।

ਗੱਲਬਾਤ ਵਿਚ ਪੁਤਿਨ ਨੇ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲਾਨਾ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਅਗਲੇ ਮਹੀਨੇ ਰੂਸ ਦੇ ਕਜਾਨ ਦਾ ਦੌਰਾ ਕਰਨਗੇ।

ਰੂਸੀ ਰਾਸ਼ਟਰਪਤੀ ਨੇ 22 ਅਕਤੂਬਰ ਨੂੰ ਬ੍ਰਿਕਸ ਸੰਮੇਲਨ ਤੋਂ ਇਲਾਵਾ ਦੋ-ਪੱਖੀ ਸਾਂਝੇਦਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਅਗਾਮੀ ਕਾਰਵਾਈਆਂ ’ਤੇ ਚਰਚਾ ਕਰਨ ਲਈ ਮੋਦੀ ਨਾਲ ਦੁਵੱਲੀ ਮੀਟਿੰਗ ਦਾ ਪ੍ਰਸਤਾਵ ਵੀ ਰੱਖਿਆ।


Rakesh

Content Editor

Related News