ਮੋਲਡੋ ਗੱਲਬਾਤ ਨਾਲ ਖੁੱਲ੍ਹਿਆ ਸੁਲ੍ਹਾ ਦਾ ਰਾਹ, ਭਾਰਤ-ਚੀਨ ਗੋਗਰਾ ਹਾਈਟਸ ਤੋਂ ਫ਼ੌਜ ਹਟਾਉਣ ’ਤੇ ਹੋਏ ਰਾਜ਼ੀ

Wednesday, Aug 04, 2021 - 09:50 AM (IST)

ਮੋਲਡੋ ਗੱਲਬਾਤ ਨਾਲ ਖੁੱਲ੍ਹਿਆ ਸੁਲ੍ਹਾ ਦਾ ਰਾਹ, ਭਾਰਤ-ਚੀਨ ਗੋਗਰਾ ਹਾਈਟਸ ਤੋਂ ਫ਼ੌਜ ਹਟਾਉਣ ’ਤੇ ਹੋਏ ਰਾਜ਼ੀ

ਨਵੀਂ ਦਿੱਲੀ– ਭਾਰਤ ਅਤੇ ਚੀਨ ਵਿਚਾਲੇ ਲਾਈਨ ਆਫ਼ ਐਕਚੁਅਲ ਕੰਟਰੋਲ (ਐੱਲ. ਏ. ਸੀ.) ’ਤੇ ਪਿਛਲੇ ਸਾਲ ਮਈ ਤੋਂ ਜਾਰੀ ਅੜਿੱਕੇ ’ਤੇ ਜੰਮੀ ਬਰਫ਼ ਗੱਲਬਾਤ ਨਾਲ ਪਿਘਲਦੀ ਲੱਗ ਰਹੀ ਹੈ। ਮੋਲਡੋ ਗੱਲਬਾਤ ਨਾਲ ਸੁਲ੍ਹਾ ਦਾ ਇਕ ਰਾਹ ਨਿਕਲਿਆ ਹੈ। ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਇਲਾਕੇ ਤੋਂ ਆਪਣੀਆਂ ਫ਼ੌਜਾਂ ਹਟਾਉਣ ’ਤੇ ਰਾਜ਼ੀ ਹੋ ਗਏ ਹਨ। ਗੋਗਰਾ ਹਾਈਟਸ ਖੇਤਰ ’ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪਿਛਲੇ ਸਾਲ ਮਈ ਤੋਂ ਹੀ ਆਹਮੋ-ਸਾਹਮਣੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੋਲਡੋ ’ਚ ਹੋਈ 12ਵੇਂ ਪੜਾਅ ਦੀ ਗੱਲਬਾਤ ਦੌਰਾਨ ਇਸ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਪੈਂਗੋਂਗ ਲੇਕ ਇਲਾਕੇ ’ਚ ਫਰਵਰੀ ’ਚ ਫ਼ੌਜ ਹਟਾਈ ਗਈ ਸੀ, ਉਦੋਂ ਤੋਂ ਹੀ ਗੋਗਰਾ ਹਾਈਸ ਇਲਾਕੇ ਤੋਂ ਫ਼ੌਜ ਹਟਾਉਣ ਦਾ ਮਸਲਾ ਅਟਕਿਆ ਸੀ। ਇਸ ਨੂੰ ਲੈ ਕੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ’ਚ ਸਹਿਮਤੀ ਨਹੀਂ ਬਣ ਪਾ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਦੋਹਾਂ ਦੇਸ਼ਾਂ ਵਿਚਾਲੇ ਬਣੀ ਇਸ ਸਹਿਮਤੀ ’ਤੇ ਕਾਰਵਾਈ ਵੀ ਛੇਤੀ ਹੀ ਸ਼ੁਰੂ ਹੋ ਸਕਦੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਛੇਤੀ ਹੀ ਗੋਗਰਾ ਹਾਈਟਸ ਤੋਂ ਹਟ ਸਕਦੀਆਂ ਹਨ।

ਇਹ ਵੀ ਪੜ੍ਹੋ : ਅਜੀਬ ਬੀਮਾਰੀ ਤੋਂ ਪੀੜਤ ਬੱਚੇ ਦੀ ਜਾਗੀ ਕਿਸਮਤ, ਲੱਕੀ ਡਰਾਅ 'ਚ ਜਿੱਤਿਆ 16 ਕਰੋੜ ਦਾ ਟੀਕਾ

ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ 12ਵੇਂ ਪੜਾਅ ਦੀ ਬੈਠਕ ਚੁਸ਼ੁਲ-ਮੋਲਡੋ ’ਚ ਹੋਈ। ਦੋਵਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ 14 ਜੁਲਾਈ ਨੂੰ ਦੁਸ਼ਾਂਬੇ ’ਚ ਵਿਦੇਸ਼ ਮੰਤਰੀਆਂ ਦੀ ਮੁਲਾਕਾਤ, 25 ਜੂਨ ਨੂੰ ਭਾਰਤ-ਚੀਨ ਸਰਹੱਦੀ ਮਾਮਲਿਆਂ (ਡਬਲਿਯੂ. ਐੱਮ. ਸੀ. ਸੀ.) ’ਤੇ ਸਲਾਹ ਅਤੇ ਤਾਲਮੇਲ ਤੰਤਰ ਦੀ ਮੀਟਿੰਗ ਤੋਂ ਬਾਅਦ ਹੋਈ। ਇਸ ਗੱਲਬਾਤ ’ਚ ਭਾਰਤ ਅਤੇ ਚੀਨ ਦੇ ਐੱਲ. ਏ. ਸੀ. ਦੇ ਪੱਛਮੀ ਸੈਕਟਰ ਦੇ ਉਨ੍ਹਾਂ ਇਲਾਕਿਆਂ ਤੋਂ ਫ਼ੌਜ ਹਟਾਉਣ ਨੂੰ ਲੈ ਕੇ ਅੜਿੱਕੇ ਵਾਲੇ ਖੇਤਰਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ ਗਈ। ਦੋਵੇਂ ਧਿਰਾਂ ਨੇ ਇਨ੍ਹਾਂ ਖੇਤਰਾਂ ’ਚ ਅੜਿੱਕੇ ਦੇ ਹੱਲ ਨਾਲ ਜੁੜੇ ਆਪਣੇ ਵਿਚਾਰਾਂ ਦਾ ਸਪੱਸ਼ਟ ਅਤੇ ਡੂੰਘਾ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਗੱਲਬਾਤ ਨੂੰ ਰਚਨਾਤਮਿਕ ਦੱਸਿਆ ਅਤੇ ਕਿਹਾ ਕਿ ਇਸ ਨਾਲ ਆਪਸੀ ਸਮਝ ਹੋਰ ਵਧੀ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਅਨੁਸਾਰ ਇਸ ਮਸਲੇ ਨੂੰ ਛੇਤੀ ਹੱਲ ਕਰਨ ਲਈ ਗੱਲਬਾਤ ਦੀ ਗਤੀ ਬਣਾਏ ਰੱਖਣ ’ਤੇ ਵੀ ਸਹਿਮਤ ਹੋਏ। ਦੋਵਾਂ ਧਿਰਾਂ ਨੇ ਐੱਲ. ਏ. ਸੀ. ’ਤੇ ਸ਼ਾਂਤੀ ਬਣਾਏ ਰੱਖਣ ਦੀ ਵੀ ਵਚਨਬੱਧਤਾ ਪ੍ਰਗਟਾਈ।

 

ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ

ਨੋਟ : ਭਾਰਤ-ਚੀਨ ਵਿਚਾਲੇ ਹੋਏ ਸਮਝੌਤੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News