ਪਰਵਿੰਦਰ ਝੋਟਾ ਦੇ ਪਰਿਵਾਰ ਤੇ ਕਮੇਟੀ ਵੱਲੋਂ ਸਰਕਾਰ ਨਾਲ ਗੱਲਬਾਤ ਤੋਂ ਕੋਰੀ ਨਾਂਹ

Thursday, Oct 29, 2026 - 06:58 PM (IST)

ਪਰਵਿੰਦਰ ਝੋਟਾ ਦੇ ਪਰਿਵਾਰ ਤੇ ਕਮੇਟੀ ਵੱਲੋਂ ਸਰਕਾਰ ਨਾਲ ਗੱਲਬਾਤ ਤੋਂ ਕੋਰੀ ਨਾਂਹ

ਮਾਨਸਾ (ਸੰਦੀਪ ਮਿੱਤਲ)- ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਧਰਨਾ 16ਵੇਂ ਦਿਨ ਵੀ ਜਾਰੀ ਰਿਹਾ। ਇਸੇ ਦੌਰਾਨ ਪੁਲਸ ਨੇ ਭੰਮੇ ਕਲਾਂ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਖਿੱਚ ਧੂਹ ਦੇ ਮਾਮਲੇ ਵਿਚ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਾਰਵਾਈ ਤੋਂ ਬਾਅਦ ਮਾਮਲੇ ਵਿਚ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪੁਲਸ ਕਾਰਵਾਈ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਜੇਕਰ ਪੁਲਸ ਨੇ ਪਰਚਾ ਦਰਜ ਕਰਨਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਰੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ। ਉਧਰ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਪਿਛਲੇ 16 ਦਿਨਾਂ ਤੋਂ ਮਾਨਸਾ ਦੀ ਮੋਰਚਰੀ ਵਿੱਚ ਰੱਖੀ ਹੋਈ ਹੈ। ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਲਈ ਸਹਿਮਤੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਲੰਬੇ ਸਮੇਂ ਤੋਂ ਮਾਮਲਾ ਅਟਕਿਆ ਹੋਇਆ ਹੈ।

ਇਨਸਾਫ ਕਮੇਟੀ ਦੇ ਆਗੂ ਮਣਿਕ ਗੋਇਲ, ਝੋਟੇ ਦੇ ਪਿਤਾ ਭੀਮ ਸਿੰਘ, ਪਤਨੀ ਮਨਪ੍ਰੀਤ ਕੌਰ, ਭਗਵੰਤ ਸਮਾਓ, ਜਸਵੀਰ ਕੌਰ ਨੱਤ ਨੇ ਕਿਹਾ ਕਿ ਜਦੋਂ ਤੱਕ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਪੁਲਸ ਨਹੀਂ ਛੱਡਦੀ, ਪੰਜਾਬ ਸਰਕਾਰ ਨਾਲ ਇਨਸਾਫ ਕਮੇਟੀ ਕੋਈ ਗੱਲ ਨਹੀਂ ਕਰੇਗੀ। ਉਸ ਨੇ ਗੱਲਬਾਤ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ।

ਮਾਨਸਾ ਪੁਲਸ ਨੇ ਭੰਮੇ ਕਲਾਂ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਖਿੱਚ ਧੂਹ ਕਰਦਿਆਂ ਕੁੱਝ ਪੁਲਸ ਮੁਲਾਜਮ ਫੱਟੜ ਹੋਣ ਦੇ ਦੋਸ਼ ਹੇਠ 40 ਦੇ ਕਰੀਬ ਵਿਅਕਤੀਆਂ ਤੇ ਦਰਜ ਮਾਮਲੇ ਨੂੰ ਲੈ ਕੇ ਐਸ.ਐਸ.ਪੀ ਵੈਭਵ ਚੌਧਰੀ ਦਾ ਕਹਿਣਾ ਹੈ ਕਿ ਪੁਲਸ ਵੀਡੀਓਗ੍ਰਾਫੀ ਰਾਹੀਂ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਕਰ ਰਹੀ ਹੈ, ਜਿਨ੍ਹਾਂ ਨੂੰ ਨਾਮਜਦ ਕਰਕੇ ਕਾਰਵਾਈ ਕੀਤੀ ਜਾਵੇਗੀ।
 


author

Anmol Tagra

Content Editor

Related News