ਤਣਾਅ ਘਟਾਉਣ 'ਚ ਭੂਮਿਕਾ ਨਿਭਾਅ ਸਕਦਾ ਹੈ ਭਾਰਤ : ਈਰਾਨ

01/16/2020 11:42:25 AM

ਨਵੀਂ ਦਿੱਲੀ— ਅਮਰੀਕਾ ਨਾਲ ਜਾਰੀ ਤਣਾਅ ਦੇ ਵਿਚਕਾਰ ਈਰਾਨ ਨੇ ਇਕ ਵਾਰ ਫਿਰ ਭਾਰਤ ਨੂੰ ਸ਼ਾਂਤੀ ਬਣਾਉਣ ਲਈ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੇ ਬਾਅਦ ਖਾੜ੍ਹੀ ਖੇਤਰ 'ਚ ਅਸਥਿਰਤਾ ਦੇ ਵਿਚਕਾਰ ਈਰਾਨੀ ਵਿਦੇਸ਼ ਮੰਤਰੀ ਜਵਾਦ ਜਰੀਫ ਨੇ ਕਿਹਾ ਭਾਰਤ ਤਣਾਅ ਘੱਟ ਕਰਨ 'ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਕਿਉਂਕਿ ਇਹ ਇਕ ਮਹੱਤਵਪੂਰਣ ਪੱਖ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਮੌਜੂਦਾ ਸਥਿਤੀ ਬੇਹੱਦ ਖਤਰਨਾਕ ਹੈ।

ਰਾਇਸੀਨਾ ਡਾਇਲਾਗ ਦੇ ਦੂਜੇ ਦਿਨ ਬੁੱਧਵਾਰ ਨੂੰ ਜਰੀਫ ਨੇ ਅਮਰੀਕਾ 'ਤੇ ਵਾਅਦਾ ਖਿਲਾਫੀ ਅਤੇ ਕੌਮਾਂਤਰੀ ਨਿਯਮਾਂ ਨੂੰ ਤੋੜਨ ਦਾ ਦੋਸ਼ ਲਗਾਉਂਦੇ ਹੋਏ ਕਿਹਾ, ਰਾਸ਼ਟਰਪਤੀ ਟਰੰਪ, ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਅੱਤਵਾਦੀ ਸੰਗਠਨ ਆਈ. ਐੱਸ. ਸੁਲੇਮਾਨੀ ਦੀ ਹੱਤਿਆ ਦਾ ਜਸ਼ਨ ਮਨਾ ਰਹੇ ਹਨ। ਤਾਲਿਬਾਨਖਿਲਾਫ ਮੁਹਿੰਮ ਛੱਡਣ ਵਾਲਾ ਅਮਰੀਕਾ ਅੱਜ ਅਫਗਾਨਿਸਤਾਨ 'ਚੋਂ ਨਿਕਲਣ ਲਈ ਆਈ. ਐੱਸ. ਨਾਲ ਸਮਝੌਤਾ ਕਰ ਰਿਹਾ ਹੈ। ਜਰੀਫ ਨੇ ਸੁਲੇਮਾਨੀ ਵਲੋਂ ਅਮਰੀਕੀ ਅੰਬੈਸੀ 'ਤੇ ਹਮਲੇ ਦੀ ਸਾਜਸ਼ ਰਚਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਈਰਾਨ 'ਚ 90 ਲੱਖ ਲੋਕ ਸੜਕਾਂ 'ਤੇ ਉਤਰ ਆਏ। ਅਮਰੀਕਾ ਨੂੰ ਆਪਣੇ ਨਜ਼ਰੀਏ 'ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਦੋਹਾਂ ਦੇਸ਼ਾਂ ਵਿਚਲੇ ਵਿਵਾਦ ਨੂੰ ਘੱਟ ਕਰਨ 'ਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਹੋਵੇਗਾ ਉਹੀ ਜੋ ਦੋਵੇਂ ਦੇਸ਼ਾਂ ਨੂੰ ਠੀਕ ਲੱਗੇਗਾ।


Related News