ਹੁਣ ਹੋਰ ਹਮਲਾਵਰ ਹੋਵੇਗਾ ‘ਇੰਡੀਆ’

Tuesday, Jul 16, 2024 - 05:03 PM (IST)

ਹੁਣ ਹੋਰ ਹਮਲਾਵਰ ਹੋਵੇਗਾ ‘ਇੰਡੀਆ’

ਨੈਸ਼ਨਲ ਡੈਸਕ- ਦੇਸ਼ ਦੇ 7 ਸੂਬਿਆਂ ਦੀਆਂ 13 ਸੀਟਾਂ ਲਈ ਹੋਈਆਂ ਵਿਧਾਨ ਸਭਾ ਉਪ ਚੋਣਾਂ ’ਚ ਐੱਨ. ਡੀ. ਏ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ। ਵਿਰੋਧੀ ‘ਇੰਡੀਆ’ ਗੱਠਜੋੜ 10 ਸੀਟਾਂ ਜਿੱਤਣ ’ਚ ਕਾਮਯਾਬ ਰਿਹਾ। ਇਕ ਸੀਟ ਆਜ਼ਾਦ ਦੇ ਖਾਤੇ ਵਿਚ ਗਈ। ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਆਪਣੇ ਦਮ ’ਤੇ ਸਰਕਾਰ ਬਣਾਉਣ ’ਚ ਕਾਮਯਾਬ ਨਹੀਂ ਹੋ ਸਕੀ।

ਇਨ੍ਹਾਂ ਉਪ ਚੋਣਾਂ ’ਚ ਵਿਰੋਧੀ ਪਾਰਟੀਆਂ ਦੀ ਤਾਕਤ ਇਕ ਵਾਰ ਫਿਰ ਸਾਹਮਣੇ ਆਈ ਹੈ, ਜੋ ਭਾਜਪਾ ਲਈ ਖ਼ਤਰੇ ਦੀ ਘੰਟੀ ਹੈ। ਹੁਣ ‘ਇੰਡੀਆ’ ਗੱਠਜੋੜ ਐੱਨ. ਡੀ. ਏ. ਦੀ ਸਰਕਾਰ ’ਤੇ ਹੋਰ ਹਮਲਾਵਰ ਹੋਵੇਗਾ।

ਬਿਹਾਰ : ਹੁਣ 4 ਸੀਟਾਂ ’ਤੇ ਹੋਣਗੀਆਂ ਉਪ ਚੋਣਾਂ, ਐੱਨ. ਡੀ. ਏ. ਨੂੰ ਫਿਰ ਲੱਗੇਗਾ ਝਟਕਾ ਜਾਂ ਵਧੇਗਾ ‘ਇੰਡੀਆ’ ਦਾ ਰੁਤਬਾ

ਬਿਹਾਰ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਜਪਾ ਨੇ ਇਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬਾ ਪ੍ਰਧਾਨ ਸਮਰਾਟ ਚੌਧਰੀ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਸ਼ਾਹਬਾਦ ਦੀਆਂ ਦੋ ਸੀਟਾਂ ਰਾਮਗੜ੍ਹ ਤੇ ਤਰਾਰੀ ਲਈ ਰਣਨੀਤੀ ’ਤੇ ਚਰਚਾ ਕੀਤੀ ਗਈ।

ਬਿਹਾਰ ’ਚ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ।

ਰੂਪੌਲੀ ਵਿਧਾਨ ਸਭਾ ਉਪ ਚੋਣ ’ਚ ਐੱਨ. ਡੀ. ਏ. ਅਤੇ ‘ਇੰਡੀਆ’ ਗੱਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਭਾਜਪਾ ਨੇ 2025 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ’ਚ ‘ਇੰਡੀਆ’ ਗੱਠਜੋੜ ਨੂੰ ਝਟਕਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

2020 ਦੀਆਂ ਵਿਧਾਨ ਸਭਾ ਚੋਣਾਂ ’ਚ ‘ਇੰਡੀਆ’ ਅਲਾਇੰਸ ਦਾ ਕਬਜ਼ਾ ਸੀ। ਇਕ ਪਾਸੇ ਜਿੱਥੇ ਸੱਤਾਧਾਰੀ ਐੱਨ. ਡੀ. ਏ. ਵੱਲੋਂ ਚਾਰਾਂ ਸੀਟਾਂ ’ਤੇ ਕਬਜ਼ਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ, ਦੂਜੇ ਪਾਸੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ’ਚੋਂ 10 ’ਤੇ ਜਿਸ ਤਰ੍ਹਾਂ ‘ਇੰਡੀਆ’ ਗੱਠਜੋੜ ਨੂੰ ਸਫਲਤਾ ਮਿਲੀ ਹੈ, ਉਸ ਨਾਲ ਬਿਹਾਰ ’ਚ ਵੀ ਰਾਸ਼ਟਰੀ ਜਨਤਾ ਦਲ-ਐੱਮ. ਐੱਲ. ਅਤੇ ਕਾਂਗਰਸੀ ਵਰਕਰਾਂ ਦਾ ਮਨੋਬਲ ਤੇ ਉਤਸ਼ਾਹ ਵਧਿਆ ਹੈ।

ਐੱਨ. ਡੀ. ਏ. ਲਈ ਚਿੰਤਾ ਦਾ ਕਾਰਨ ਹਨ ਨਤੀਜੇ

ਭਾਜਪਾ ਤੇ ਐੱਨ. ਡੀ. ਏ. ਲਈ ਇਹ ਨਤੀਜੇ ਚਿੰਤਾ ’ਚ ਪਾਉਣ ਵਾਲੇ ਹਨ। ਆਉਣ ਵਾਲੇ ਸਮੇਂ ’ਚ ਉੱਤਰ ਪ੍ਰਦੇਸ਼ ਦੀਆਂ 10 ਵਿਧਾਨ ਸਭਾ ਸੀਟਾਂ ’ਤੇ ਵੀ ਉਪ ਚੋਣਾਂ ਹੋਣੀਆਂ ਹਨ। ਇਹ ਉਪ ਚੋਣਾਂ ਭਾਜਪਾ ਲਈ ਚੁਣੌਤੀਪੂਰਨ ਹੋਣਗੀਆਂ। ਉੱਤਰ ਪ੍ਰਦੇਸ਼ ’ਚ 2027 ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।

ਇਸ ਤੋਂ ਪਹਿਲਾਂ ਹੋਣ ਵਾਲੀਆਂ ਉਪ ਚੋਣਾਂ ਸੂਬੇ ’ਚ ਐੱਨ. ਡੀ. ਏ. ਲਈ ਅਗਨੀ ਪ੍ਰੀਖਿਆ ਵਾਂਗ ਹੋਣਗੀਆਂ। ਉੱਤਰ ਪ੍ਰਦੇਸ਼ ’ਚ ਲੋਕ ਸਭਾ ਦੀਆਂ ਚੋਣਾਂ ’ਚ ਐੱਨ. ਡੀ. ਏ. ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਸੂਬੇ ਦੀਆਂ 80 ਸੀਟਾਂ ’ਚੋਂ ਐੱਨ. ਡੀ. ਏ. ਨੂੰ ਸਿਰਫ਼ 36 ਸੀਟਾਂ ਹੀ ਮਿਲ ਸਕੀਆਂ। ਦੂਜੇ ਪਾਸੇ ‘ਇੰਡੀਆ’ ਅਲਾਇੰਸ ਨੇ 43 ਸੀਟਾਂ ਜਿੱਤੀਆਂ ਸਨ।

ਹਰਿਆਣਾ ਤੇ ਮਹਾਰਾਸ਼ਟਰ ’ਚ ਸਰਕਾਰ ਬਚਾਉਣ ਦੀ ਚੁਣੌਤੀ

ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ’ਚ ਹੋਣੀਆਂ ਹਨ। ਹਰਿਆਣਾ ਵਿਚ ਪਿਛਲੀਆਂ ਚੋਣਾਂ ’ਚ 40 ਸੀਟਾਂ ਜਿੱਤਣ ਵਾਲੀ ਭਾਜਪਾ ਆਪਣੀ ਸੱਤਾ ਬਰਕਰਾਰ ਰੱਖਣਾ ਚਾਹੁੰਦੀ ਹੈ ਪਰ ਲੋਕ ਸਭਾ ਤੇ ਉਪ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਭਾਜਪਾ ਲਈ ਅਜਿਹਾ ਕਰਨਾ ਸੌਖਾ ਨਹੀਂ ਹੋਵੇਗਾ।

ਦੂਜੇ ਪਾਸੇ, ਮਹਾਰਾਸ਼ਟਰ ਦੇ ਸਿਆਸੀ ਪਰੀਦ੍ਰਿਸ਼ ’ਚ ਗੈਰਯਕੀਨੀ ਬਣੀ ਹੋਈ ਹੈ। ਭਾਵੇਂ ਐੱਮ. ਐੱਲ. ਸੀ. ਚੋਣਾਂ ਵਿਚ ਐੱਨ. ਡੀ. ਏ. ਨੂੰ ਚੰਗੀ ਸਫ਼ਲਤਾ ਮਿਲੀ ਹੈ ਪਰ ਵਿਧਾਨ ਸਭਾ ਚੋਣਾਂ ਦਾ ਰਾਹ ਉਸ ਲਈ ਆਸਾਨ ਨਹੀਂ ਹੈ।

13 ਸੀਟਾਂ ’ਤੇ ਪਹਿਲਾਂ ਕੀ ਸਨ ਸਮੀਕਰਨ?

ਵੱਖ-ਵੱਖ ਸੂਬਿਆਂ ਦੀਆਂ ਇਨ੍ਹਾਂ 13 ਸੀਟਾਂ ’ਚੋਂ ਬੰਗਾਲ ’ਚ 3 ਸੀਟਾਂ ਭਾਜਪਾ ਕੋਲ ਸਨ, ਉੱਥੇ ਹੀ, 2 ਸੀਟਾਂ ਕਾਂਗਰਸ ਤੇ 8 ਸੀਟਾਂ ’ਤੇ ਹੋਰਨਾਂ ਦਾ ਕਬਜ਼ਾ ਸੀ। ਇਨ੍ਹਾਂ ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਕਾਂਗਰਸ ਅਤੇ ਟੀ. ਐੱਮ. ਸੀ. ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਕਾਂਗਰਸ ਨੇ 13 ’ਚੋਂ 8 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਪਾਰਟੀ ਨੇ ਇਨ੍ਹਾਂ ’ਚੋਂ 5 ਸੀਟਾਂ ’ਤੇ ਜਿੱਤ ਹਾਸਲ ਕੀਤੀ।

ਉੱਥੇ ਹੀ, ਬੰਗਾਲ ’ਚ ਮਮਤਾ ਦੀਦੀ ਦਾ ਦਬਦਬਾ ਰਿਹਾ। ਇੱਥੇ ਉਨ੍ਹਾਂ ਦੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ 4 ਸੀਟਾਂ ’ਤੇ ਉਪ ਚੋਣਾਂ ਜਿੱਤੀਆਂ ਹਨ। ਇਸ ਤੋਂ ਇਲਾਵਾ ਪੰਜਾਬ ’ਚ ਆਮ ਆਦਮੀ ਪਾਰਟੀ ਆਪਣੀ ਸੀਟ ਬਚਾਉਣ ’ਚ ਸਫਲ ਰਹੀ ਹੈ। ਸਭ ਤੋਂ ਹੈਰਾਨ ਕਰਨ ਵਾਲਾ ਨਤੀਜਾ ਬਿਹਾਰ ਦੀ ਰੂਪੌਲੀ ਸੀਟ ਦਾ ਰਿਹਾ ਹੈ। ਇੱਥੇ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਆਰ. ਜੇ. ਡੀ. ਦੀ ਸੀਮਾ ਭਾਰਤੀ ਤੇ ਜੇ. ਡੀ. ਯੂ. ਦੇ ਕਲਾਧਰ ਮੰਡਲ ਨੂੰ ਹਾਰ ਦਾ ਸੁਆਦ ਚਖਾਇਆ ਹੈ।


author

Rakesh

Content Editor

Related News