ਭਾਰਤ ਨੇ ਕੀਤਾ ਬੈਲਿਸਟਿਕ ਮਿਜ਼ਾਈਲ 'ਅਗਨੀ-5' ਦਾ ਸਫਲ ਪ੍ਰੀਖਣ

06/04/2018 2:35:55 PM

ਬਾਲੇਸ਼ਵਰ — ਭਾਰਤ ਨੇ ਦੇਸ਼ ਵਿਚ ਵਿਕਸਤ ਪ੍ਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ 'ਅਗਨੀ-5' ਦਾ ਅੱਜ ਓਡਿਸ਼ਾ ਤੱਟ 'ਤੇ ਸਫਲ ਪ੍ਰੀਖਣ ਕੀਤਾ। ਇਹ ਮਿਜ਼ਾਈਲ ਡੇਢ ਮੀਟਰ ਦੇ ਟੀਚੇ ਨੂੰ ਵੀ ਸਰ ਕਰਨ ਵਿਚ ਸਮਰੱਥ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਿਚ ਸਮਰੱਥ ਇਸ ਮਿਜ਼ਾਈਲ ਨੂੰ ਸਵੇਰੇ ਲਗਭਗ 9.48 ਵਜੇ ਬੰਗਾਲ ਦੀ ਖਾੜੀ ਵਿਚ ਡਾ. ਅਬਦੁਲ ਕਲਾਮ ਦੀਪ 'ਤੇ ਆਈ. ਟੀ. ਆਰ. ਦੇ ਲਾਂਚ ਪੈਡ-4 ਦੇ ਮੋਬਾਇਲ ਲਾਂਚਰ ਦੀ ਮਦਦ ਨਾਲ ਦਾਗ਼ਿਆ ਗਿਆ। 
ਇਸ ਪ੍ਰੀਖਣ ਨਾਲ ਹੁਣ ਚੀਨ ਤੇ ਪਾਕਿਸਤਾਨ ਦਾ ਹਰ ਕੋਨਾ ਭਾਰਤ ਦੇ ਘੇਰੇ ਵਿਚ ਆ ਗਿਆ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਫਲ ਪ੍ਰੀਖਣ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਵਿਗਿਆਨੀਆਂ ਅਤੇ ਹੋਰ ਕਰਮਚਾਰੀਆਂ ਨੂੰ ਅੱਜ ਵਧਾਈ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਤਿ ਆਧੁਨਿਕ ਅਗਨੀ-5 ਦਾ ਇਹ 6ਵਾਂ ਪ੍ਰੀਖਣ ਸੀ। 
ਡੀ. ਆਰ. ਡੀ. ਓ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਨੀ-5 ਨਵੀਂ ਤਕਨੀਕ, ਮਾਰਗ ਦਰਸ਼ਨ ਅਤੇ ਵਾਰ-ਹੈੱਡ ਅਤੇ ਇੰਜਣ ਦੇ ਸੰਦਰਭ ਵਿਚ ਨਵੀਂ ਖੋਜ ਨਾਲ ਲੈਸ ਅਤਿ ਆਧੁਨਿਕ ਮਿਜ਼ਾਈਲ ਹੈ। ਇਸ ਪ੍ਰੀਖਣ ਦੌਰਾਨ ਦੇਸ਼ ਵਿਚ ਨਿਰਮਿਤ ਕਈ ਖੋਜਾਂ ਦਾ ਵੀ ਸਫਲ ਪ੍ਰੀਖਣ ਹੋਇਆ ਹੈ। ਅਗਨੀ-5 ਦਾ ਪਹਿਲਾ ਪ੍ਰੀਖਣ 19 ਅਪ੍ਰੈਲ 2012, ਦੂਜਾ 15 ਸਤੰਬਰ 2013, ਤੀਜਾ 31 ਜਨਵਰੀ 2015, ਚੌਥਾ 26 ਜਨਵਰੀ 2016 ਨੂੰ ਕੀਤਾ ਗਿਆ। ਪੰਜਵਾਂ ਪ੍ਰੀਖਣ 18 ਜਨਵਰੀ 2018 ਨੂੰ ਹੋਇਆ ਸੀ।


Related News