ਕੋਵਿਡ-19 : ਕੈਨੇਡਾ ਦੀ ਯਾਤਰਾ ਕਰ ਸਕਣਗੇ ਲੋਕ ਪਰ ਮੰਨਣੀਆਂ ਪੈਣਗੀਆਂ ਇਹ ਸ਼ਰਤਾਂ
Tuesday, Sep 22, 2020 - 04:37 PM (IST)
ਨਵੀਂ ਦਿੱਲੀ/ਟੋਰਾਂਟੋ- ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਭਾਵੇਂ ਹੀ ਕੌਮਾਂਤਰੀ ਉਡਾਣਾਂ 'ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ ਪਰ ਹੁਣ ਭਾਰਤ ਤੋਂ ਕੈਨੇਡਾ ਜਾਣ ਜਾਂ ਕੈਨੇਡਾ ਤੋਂ ਭਾਰਤ ਆਉਣ ਦਾ ਮੌਕਾ ਜ਼ਰੂਰ ਮਿਲੇਗਾ। ਇਸ ਲਈ ਕੇਂਦਰ ਸਰਕਾਰ ਨੇ ਵਿਸ਼ੇਸ਼ ਤਿਆਰੀ ਕੀਤੀ ਹੈ। ਅਸਲ ਵਿਚ ਕੌਮਾਂਤਰੀ ਉਡਾਣਾਂ 'ਤੇ ਪਾਬੰਦੀਆਂ ਵਿਚਕਾਰ ਸਰਕਾਰ ਹੁਣ ਏਅਰ ਬਬਲ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਫਲਾਈਟਾਂ ਦਾ ਪ੍ਰਬੰਧ ਕਰ ਰਹੀ ਹੈ। ਇਸ ਕ੍ਰਮ ਵਿਚ ਸਿਵਿਲ ਏਵੀਏਸ਼ਨ ਨੇ ਕੁਝ ਹੋਰ ਮੰਜ਼ਲਾਂ ਨੂੰ ਵੀ ਇਸ ਵਿਸ਼ੇਸ਼ ਉਡਾਣ ਨਾਲ ਜੋੜਿਆ ਹੈ, ਜਿੱਥੋਂ ਉਡਾਣ ਭਰੀ ਜਾ ਸਕਦੀ ਹੈ।
ਕੈਨੇਡਾ ਜਾਣ ਲਈ-
ਵਿਦੇਸ਼ਾਂ ਵਿਚ ਫਸੇ ਹੋਏ ਕੈਨੇਡੀਅਨ ਨਾਗਰਿਕ ਜਾਂ ਵੈਲਿਡ ਵੀਜ਼ਾ ਨਾਲ ਕੋਈ ਵੀ ਵਿਦੇਸ਼ੀ ਵਿਅਕਤੀ ਹੁਣ ਕੈਨੇਡਾ ਜਾਣ ਦੇ ਯੋਗ ਹੋਵੇਗਾ। ਵੈਲਿਡ ਵੀਜ਼ਾ ਨਾਲ ਭਾਰਤੀ ਨਾਗਰਿਕ ਵੀ ਕੈਨੇਡਾ ਜਾ ਸਕਣਗੇ। ਜਹਾਜ਼ ਕੰਪਨੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕੈਨੇਡਾ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਟਿਕਟ ਜਾਂ ਬੋਰਡਿੰਗ ਪਾਸ ਜਾਰੀ ਕਰਨ 'ਤੇ ਕੋਈ ਰੋਕ ਨਾ ਲੱਗੇ। ਦੂਜੇ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ਜਾਂ ਭਾਰਤੀ ਪਾਸਪੋਰਟ ਰੱਖਣ ਵਾਲੇ ਮਲਾਹ ਸਮੁੰਦਰੀ ਜ਼ਹਾਜ਼ ਮੰਤਰਾਲੇ ਤੋਂ ਕਲੇਅਰੰਸ ਲੈ ਕੇ ਹੀ ਯਾਤਰਾ ਕਰ ਸਕਦੇ ਹਨ।
ਕੈਨੇਡਾ ਤੋਂ ਭਾਰਤ ਆਉਣ ਲਈ-
ਕੈਨੇਡਾ ਵਿਚ ਫਸੇ ਭਾਰਤੀ ਲੋਕ ਵਾਪਸ ਆ ਸਕਣਗੇ। ਕੈਨੇਡੀਅਨ ਪਾਸਪੋਰਟ ਰੱਖਣ ਵਾਲੇ ਸਾਰੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਭਾਵ ਓ. ਸੀ. ਆਈ. ਕਾਰਡਹੋਲਡਰ ਵੀ ਭਾਰਤ ਆ ਸਕਣਗੇ। ਗ੍ਰਹਿ ਮੰਤਰਾਲੇ ਵਲੋਂ ਯੋਗ ਕਰਾਰ ਦਿੱਤੇ ਗਏ ਵਿਦੇਸ਼ੀ ਵੀ ਕੈਨੇਡਾ ਤੋਂ ਭਾਰਤ ਆ ਸਕਣਗੇ। ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਵਲੋਂ ਤੈਅ ਕੀਤੀਆਂ ਗਾਈਡਲਾਈਨਜ਼ ਨੂੰ ਪੂਰਾ ਕਰਨਾ ਹੋਵੇਗਾ।