ਚੀਨ ਨੂੰ ਮਿਲੇਗਾ ਕਰਾਰਾ ਜਵਾਬ, ਸਰਹੱਦ ''ਤੇ ਭਾਰਤ ਦੀ ਸਭ ਤੋਂ ਖਤਰਨਾਕ ਮਿਜ਼ਾਈਲ ਤਾਇਨਾਤ
Monday, Sep 28, 2020 - 09:18 PM (IST)
ਨਵੀਂ ਦਿੱਲੀ - ਲਾਈਨ ਆਫ ਐਕਚੁਅਲ ਕੰਟਰੋਲ (LAC) 'ਤੇ ਜਾਰੀ ਤਣਾਅ ਵਿਚਾਲੇ ਭਾਰਤ ਦੀ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤੀ ਮਿਲੀ ਹੈ। ਭਾਰਤ ਨੇ ਸਰਹੱਦ 'ਤੇ ਨਿਰਭੈ ਕਰੂਜ਼ ਮਿਜ਼ਾਈਲ ਨੂੰ ਵੀ ਤਾਇਨਾਤ ਕਰ ਦਿੱਤਾ ਹੈ। ਇਹ ਮਿਜ਼ਾਈਲ 1000 ਕਿਲੋਮੀਟਰ ਤੱਕ ਮਾਰ ਕਰਨ 'ਚ ਸਮਰੱਥ ਹੈ। ਨਿਰਭੈ ਮਿਜ਼ਾਈਲ ਤਿੱਬਤ 'ਚ ਚੀਨ ਦੇ ਟਿਕਾਣਿਆਂ 'ਤੇ ਹਮਲਾ ਕਰਨ 'ਚ ਸਮਰੱਥ ਹੈ।
5 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਕਈ ਥਾਵਾਂ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। ਅਜਿਹੀ ਸਥਿਤੀ 'ਚ ਭਾਰਤ ਨੇ ਸਰਹੱਦ 'ਤੇ ਆਪਣੀ ਸਭ ਤੋਂ ਭਰੋਸੇਮੰਦ ਮਿਜ਼ਾਈਲ ਨੂੰ ਤਾਇਨਾਤ ਕੀਤਾ ਹੈ। ਇਸਦੀ ਰੇਂਜ 1000 ਕਿ.ਮੀ. ਹੈ।
ਕੀ ਹੈ ਮਿਜ਼ਾਈਲ ਦੀ ਖਾਸੀਅਤ
ਇਸ ਮਿਜ਼ਾਈਲ ਦੀ ਸਮਰੱਥਾ ਅਮਰੀਕਾ ਦੀ ਪ੍ਰਸਿੱਧ ਟਾਮਹਾਕ ਮਿਜ਼ਾਈਲ ਦੇ ਬਰਾਬਰ ਹੈ। ਇਹ ਮਿਜ਼ਾਈਲ ਬਿਨਾਂ ਭਟਕੇ ਆਪਣੇ ਨਿਸ਼ਾਨੇ 'ਤੇ ਅਚੂਕ ਮਾਰ ਕਰਨ 'ਚ ਸਮਰੱਥ ਹੈ। ਨਿਰਭੈ ਕਰੂਜ਼ ਮਿਜ਼ਾਈਲ ਨੂੰ ਭਾਰਤ 'ਚ ਹੀ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ। ਇਸ ਮਿਜ਼ਾਈਲ ਦਾ ਪਹਿਲਾ ਪ੍ਰੀਖਣ 12 ਮਾਰਚ 2013 'ਚ ਕੀਤਾ ਗਿਆ ਸੀ। ਨਿਰਭੈ ਦੋ ਪੜਾਅ ਵਾਲੀ ਮਿਜ਼ਾਈਲ ਹੈ, ਪਹਿਲੀ ਵਾਰ 'ਚ ਲਬੰਵਤ ਦੂਜੇ ਪੜਾਅ 'ਚ ਖਿਤਿਜੀ। ਇਹ ਰਵਾਇਤੀ ਰਾਕੇਟ ਦੀ ਤਰ੍ਹਾਂ ਸਿੱਧਾ ਅਸਮਾਨ 'ਚ ਜਾਂਦਾ ਹੈ ਫਿਰ ਦੂਜੇ ਪੜਾਅ 'ਚ ਖਿਤਿਜੀ ਉਡਾਣ ਭਰਨ ਲਈ 90 ਡਿਗਰੀ ਦਾ ਮੋੜ ਲੈਂਦਾ ਹੈ।
ਇਸ ਮਿਜ਼ਾਈਲ ਨੂੰ 6 ਮੀਟਰ ਲੰਮੀ ਅਤੇ 0.52 ਮੀਟਰ ਚੌੜੀ ਬਣਾਇਆ ਗਿਆ ਹੈ। ਇਹ ਮਿਜ਼ਾਈਲ 0.6 ਤੋਂ ਲੈ ਕੇ 0.7 ਮੈਕ ਦੀ ਰਫ਼ਤਾਰ ਨਾਲ ਉੱਡ ਸਕਦੀ ਹੈ, ਇਸਦਾ ਭਾਰ ਵੱਧ ਤੋਂ ਵੱਧ 1500 ਕਿੱਲੋਗ੍ਰਾਮ ਹੈ ਜੋ 1000 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਐਡਵਾਂਸ ਸਿਸਟਮ ਲੈਬੋਰੇਟਰੀ ਵੱਲੋਂ ਬਣਾਈ ਗਈ ਠੋਸ ਰਾਕੇਟ ਮੋਟਰ ਬੂਸਟਰ ਦਾ ਪ੍ਰਯੋਗ ਕੀਤਾ ਗਿਆ ਹੈ ਜਿਸਦੇ ਨਾਲ ਮਿਜ਼ਾਈਲ ਨੂੰ ਬਾਲਣ ਮਿਲਦਾ ਹੈ।