ਭਾਰਤ ਦਾ GDP ਵਾਧਾ ਪਿਛਲੇ 10 ਸਾਲਾਂ ਦੇ ਪਰਿਵਰਤਨਸ਼ੀਲ ਸੁਧਾਰਾਂ ਦਾ ਪ੍ਰਤੀਬਿੰਬ : PM ਮੋਦੀ

Saturday, Dec 09, 2023 - 01:01 PM (IST)

ਗਾਂਧੀਨਗਰ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ 7.7 ਫ਼ੀਸਦੀ ਵਾਧਾ ਦਰ ਦੇਸ਼ ਦੀ ਮਜ਼ਬੂਤ ​​ਹੋ ਰਹੀ ਆਰਥਿਕਤਾ ਅਤੇ ਪਿਛਲੇ 10 ਸਾਲਾਂ ਵਿੱਚ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ਦਾ ਪ੍ਰਤੀਬਿੰਬ ਹੈ। ਮੋਦੀ ਨੇ ਆਯੋਜਿਤ 'ਇਨਫਿਨਿਟੀ ਫੋਰਮ 2.0' ਕਾਨਫਰੰਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕ-ਸਿਟੀ' (ਗਿਫਟ ਸਿਟੀ) ਨੂੰ ਨਵੇਂ ਯੁੱਗ ਦੀਆਂ ਗਲੋਬਲ ਵਿੱਤੀ ਅਤੇ ਤਕਨਾਲੋਜੀ ਸੇਵਾਵਾਂ ਦਾ ਗਲੋਬਲ ਹੱਬ ਬਣਾਉਣਾ ਚਾਹੁੰਦੀ ਹੈ।

ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ 'ਚ ਭਾਰਤ ਨੇ 7.7 ਫ਼ੀਸਦੀ ਦੀ ਜੀਡੀਪੀ ਵਿਕਾਸ ਦਰ ਹਾਸਿਲ ਕੀਤੀ ਹੈ। ਅੱਜ ਪੂਰੀ ਦੁਨੀਆਂ ਦੀਆਂ ਉਮੀਦਾਂ ਭਾਰਤ 'ਤੇ ਟਿਕੀਆਂ ਹੋਈਆਂ ਹਨ ਅਤੇ ਇਹ ਸਿਰਫ਼ ਆਪਣੇ ਆਪ ਹੀ ਨਹੀਂ ਹੋਇਆ। ਇਹ ਭਾਰਤ ਦੀ ਮਜ਼ਬੂਤ ਹੋ ਰਹੀ ਅਰਥਵਿਵਸਥਾ ਅਤੇ ਪਿਛਲੇ 10 ਸਾਲਾਂ 'ਚ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ਦਾ ਪ੍ਰਤੀਬਿੰਬ ਵੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਵਿੱਤੀ ਤਕਨਾਲੋਜੀ (ਫਿਨਟੈਕ) ਬਾਜ਼ਾਰਾਂ ਵਿੱਚੋਂ ਇਕ ਹੈ ਅਤੇ ਗਿਫਟ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਇਸਦੇ ਕੇਂਦਰ ਦੇ ਰੂਪ 'ਚ ਉਭਰ ਰਿਹਾ ਹੈ। ਉਹਨਾਂ ਨੇ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਗ੍ਰੀਨ ਕ੍ਰੈਡਿਟ ਲਈ ਮਾਰਕੀਟ ਵਿਧੀ ਵਿਕਸਿਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਰਵਾਇਤੀ ਗਰਬਾ ਨਾਚ ਨੂੰ ਯੂਨੈਸਕੋ ਦੀ ਮਾਨਵਤਾ ਦੀ ਅਟੁੱਟ ਸ਼ੱਭਿਆਚਾਰਕ ਵਿਰਾਸਤ ਜੀ ਪ੍ਰਤੀਨਿਧੀ ਸੂਚੀ ਵਿੱਚ ਸ਼ਾਮਲ ਕਰਨ 'ਤੇ ਗੁਜਰਾਤ ਦੇ ਲੋਕਾਂ ਨੂੰ ਵਿਸ਼ੇਸ਼ ਵਧਾਈ ਦਿੱਤੀ।


rajwinder kaur

Content Editor

Related News