ਦੇਸ਼ ਦੇ ਪਹਿਲੇ ਸਵਦੇਸ਼ੀ ਜਹਾਜ਼-ਢੋਊ ਬੇੜੇ ਵਿਕ੍ਰਾਂਤ ਦਾ ਪ੍ਰੀਖਣ ਸ਼ੁਰੂ
Thursday, Aug 05, 2021 - 01:55 AM (IST)
ਨਵੀਂ ਦਿੱਲੀ : ਭਾਰਤ ਦੇ ਪਹਿਲੇ ਸਵਦੇਸ਼ ’ਚ ਤਿਆਰ ਜਹਾਜ਼-ਢੋਊ ਬੇੜੇ ‘ਵਿਕ੍ਰਾਂਤ’ ਦਾ ਸਮੁੰਦਰ ਵਿਚ ਪ੍ਰੀਖਣ ਬੁੱਧਵਾਰ ਨੂੰ ਸ਼ੁਰੂ ਹੋ ਗਿਆ। ਇਹ ਦੇਸ਼ ’ਚ ਤਿਆਰ ਸਭ ਤੋਂ ਵੱਡਾ ਜੰਗੀ ਬੇੜਾ ਹੈ। ਭਾਰਤੀ ਸਮੁੰਦਰੀ ਫੌਜ ਨੇ ਇਸ ਮੌਕੇ ਨੂੰ ਦੇਸ਼ ਲਈ ਮਾਣ ਭਰਿਆ ਤੇ ਇਤਿਹਾਸਕ ਦਿਨ ਦੱਸਿਆ ਅਤੇ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ, ਜਿਸ ਦੇ ਕੋਲ ਸਵਦੇਸ਼ ਵਿਚ ਡਿਜ਼ਾਈਨ ਤੇ ਨਿਰਮਾਣ ਕਰਨ ਅਤੇ ਅਤਿ-ਆਧੁਨਿਕ ਜਹਾਜ਼-ਢੋਊ ਬੇੜੇ ਤਿਆਰ ਕਰਨ ਦੀ ਵਿਸ਼ੇਸ਼ ਸਮਰੱਥਾ ਹੈ।
ਇਹ ਵੀ ਪੜ੍ਹੋ - ਭਾਰਤ ਨੇ ਲੱਦਾਖ 'ਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਸੜਕ
ਜ਼ਿਕਰਯੋਗ ਹੈ ਕਿ ਇਸੇ ਨਾਂ ਦੇ ਇਕ ਜਹਾਜ਼ ਨੇ 50 ਸਾਲ ਪਹਿਲਾਂ 1971 ਦੀ ਜੰਗ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਬੇੜੇ ਨੂੰ ਪ੍ਰੀਖਣ ਪੂਰੇ ਹੋਣ ਤੋਂ ਬਾਅਦ ਅਗਲੇ ਸਾਲ ਭਾਰਤੀ ਸਮੁੰਦਰੀ ਫੌਜ ’ਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ।
ਭਾਰਤ ’ਚ ਬਣਿਆ ਸਭ ਤੋਂ ਵੱਡਾ ਜੰਗੀ ਬੇੜਾ
ਸਮੁੰਦਰੀ ਫੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਇਹ ਭਾਰਤ ਵਿਚ ਬਣਿਆ ਸਭ ਤੋਂ ਵੱਡਾ ਜੰਗੀ ਬੇੜਾ ਹੈ। ਇਸ ਨੂੰ ਕੋਚੀਨ ਸ਼ਿਪਯਾਰਡ ਲਿਮਟਿਡ ਨੇ ਤਿਆਰ ਕੀਤਾ ਹੈ। ਜੂਨ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੇ ਨਿਰਮਾਣ ਦੀ ਸਮੀਖਿਆ ਕੀਤੀ ਸੀ।
ਇਹ ਵੀ ਪੜ੍ਹੋ - ਕੋਰੋਨਾ ਨੂੰ ਲੈ ਕੇ ਰਾਜੇਸ਼ ਭੂਸ਼ਣ ਦੀ ਲੋਕਾਂ ਨੂੰ ਅਪੀਲ, ਤਿਉਹਾਰਾਂ 'ਚ ਵਰਤਣ ਸਾਵਧਾਨੀ
30 ਜਹਾਜ਼ ਤੇ ਹੈਲੀਕਾਪਟਰ ਹੋਣਗੇ ਤਾਇਨਾਤ
ਇਸ ਬੇੜੇ ’ਤੇ 30 ਲੜਾਕੂ ਜਹਾਜ਼ ਤੇ ਹੈਲੀਕਾਪਟਰ ਤਾਇਨਾਤ ਕੀਤੇ ਜਾ ਸਕਦੇ ਹਨ। ਜੰਗੀ ਬੇੜੇ ’ਤੇ ਮਿਗ-29 ਦੇ ਲੜਾਕੂ ਜਹਾਜ਼ਾਂ ਤੇ ਕੇ. ਏ.-31 ਹੈਲੀਕਾਪਟਰਾਂ ਦਾ ਬੇੜਾ ਹੋਵੇਗਾ। ਭਾਰਤ ਕੋਲ ਇਸ ਵੇਲੇ ਸਿਰਫ ਇਕ ਜਹਾਜ਼-ਢੋਊ ਬੇੜਾ ‘ਆਈ. ਐੱਨ. ਐੱਸ. ਵਿਕਰਮਾਦਿੱਤਿਆ’ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।