ਦੁਨੀਆ ਮੰਨ ਰਹੀ ਭਾਰਤੀ ਹਥਿਆਰਾਂ ਦਾ ਲੋਹਾ, ਰੱਖਿਆ ਨਿਰਯਾਤ 23,622 ਕਰੋੜ ਤੱਕ ਪੁੱਜਾ: ਰਾਜਨਾਥ
Wednesday, Apr 02, 2025 - 01:40 PM (IST)

ਨਵੀਂ ਦਿੱਲੀ- ਪੂਰੀ ਦੁਨੀਆ ਭਾਰਤੀ ਹਥਿਆਰਾਂ ਦਾ ਲੋਹਾ ਮੰਨ ਰਹੀ ਹੈ। ਰੱਖਿਆ ਨਿਰਯਾਤ ਦੇ ਖੇਤਰ ਵਿਚ ਭਾਰਤ ਰੋਜ਼ਾਨਾ ਨਵੇਂ ਸ਼ਿਖਰਾਂ ਨੂੰ ਛੂਹ ਰਿਹਾ ਹੈ। ਇਸ ਖੇਤਰ ਨਾਲ ਜੁੜੀ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਸਰਕਾਰ ਨੇ ਦੱਸਿਆ ਕਿ ਭਾਰਤ ਨੇ ਰੱਖਿਆ ਨਿਰਯਾਤ ਦੇ ਖੇਤਰ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਵਿੱਤੀ ਸਾਲ 2024-25 ਵਿਚ ਭਾਰਤ ਦਾ ਰੱਖਿਆ ਨਿਰਯਾਤ 23,622 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 12 ਫ਼ੀਸਦੀ ਵੱਧ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ 2029 ਤੱਕ ਰੱਖਿਆ ਨਿਰਯਾਤ ਦੇ 50,000 ਕਰੋੜ ਰੁਪਏ ਦਾ ਟੀਚਾ ਪ੍ਰਾਪਤ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ 2023-24 ਵਿਚ ਭਾਰਤ ਦਾ ਰੱਖਿਆ ਨਿਰਯਾਤ ਦਾ ਅੰਕੜਾ 21,083 ਕਰੋੜ ਰੁਪਏ ਸੀ। ਉਨ੍ਹਾਂ ਨੇ ਸਾਰੇ ਸਬੰਧਤ ਪੱਖਾਂ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ। ਮਾਮਲੇ ਵਿਚ ਰੱਖਿਆ ਮੰਤਰਾਲੇ ਮੁਤਾਬਕ ਰੱਖਿਆ ਜਨਤਕ ਖੇਤਰ ਉਪਕ੍ਰਮਾਂ ਨੇ 2024-25 ਵਿਚ ਆਪਣੇ ਨਿਰਯਾਤ ਵਿਚ 42.85 ਫ਼ੀਸਦੀ ਦਾ ਵਾਧਾ ਕੀਤਾ ਹੈ, ਜੋ ਗਲੋਬਲ ਮਾਰਕੀਟ ਵਿਚ ਭਾਰਤੀ ਉਤਪਾਦਾਂ ਦੀ ਵਧਦੀ ਸਵੀਕ੍ਰਿਤੀ ਅਤੇ ਗਲੋਬਲ ਸਪਲਾਈ ਚੇਨ 'ਚ ਦੇਸ਼ ਦੇ ਰੱਖਿਆ ਉਦਯੋਗ ਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ।
ਰਾਜਨਾਥ ਨੇ ਕਿਹਾ ਕਿ ਭਾਰਤ ਹੁਣ ਵੱਡੇ ਪੱਧਰ 'ਤੇ ਆਯਾਤ-ਨਿਰਭਰ ਫੌਜੀ ਬਲ ਤੋਂ ਸਵੈ-ਨਿਰਭਰਤਾ ਅਤੇ ਸਵਦੇਸ਼ੀ ਉਤਪਾਦਨ ਵੱਲ ਵਧ ਰਿਹਾ ਹੈ। ਰੱਖਿਆ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ 80 ਦੇਸ਼ਾਂ ਨੂੰ ਗੋਲਾ-ਬਾਰੂਦ, ਹਥਿਆਰ, ਉਪ-ਪ੍ਰਣਾਲੀ ਅਤੇ ਹੋਰ ਵਸਤੂਆਂ ਦਾ ਨਿਰਯਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਦੱਸਿਆ ਕਿ 2024-25 'ਚ 1,762 ਨਿਰਯਾਤ ਅਧਿਕਾਰ ਜਾਰੀ ਕੀਤੇ ਗਏ ਸਨ, ਜੋ ਪਿਛਲੇ ਸਾਲ ਨਾਲੋਂ 17.4 ਫ਼ੀਸਦੀ ਵੱਧ ਹੈ।