ਭਾਰਤੀ ਹਵਾਈ ਫ਼ੌਜ ਦੀ ਵਧੇਗੀ ਤਾਕਤ ; 156 'ਪ੍ਰਚੰਡ' ਹੈਲੀਕਾਪਟਰਾਂ ਲਈ 62,000 ਕਰੋੜ ਦੀ ਹੋਈ ਡੀਲ
Saturday, Mar 29, 2025 - 12:40 PM (IST)

ਨਵੀਂ ਦਿੱਲੀ- ਹਲਕਾ ਲੜਾਕੂ ਹੈਲੀਕਾਪਟਰ (ਐੱਲ.ਐੱਚ.ਸੀ.) 'ਪ੍ਰਚੰਡ' ਭਾਰਤ ਦਾ ਡਿਜ਼ਾਈਨ ਕੀਤਾ ਤੇ ਬਣਾਇਆ ਗਿਆ ਪਹਿਲਾ ਅਟੈਕ ਹੈਲੀਕਾਪਟਰ ਹੈ, ਜੋ ਕਿ ਖ਼ਾਸ ਤੌਰ 'ਤੇ ਉਚਾਈ 'ਤੇ ਲੜੀਆਂ ਜਾਣ ਵਾਲੀਆਂ ਜੰਗਾਂ ਲਈ ਬਣਾਇਆ ਗਿਆ ਹੈ।
ਇਸ ਨੂੰ ਦੇਖਦੇ ਹੋਏ ਭਾਰਤ ਨੇ ਹਾਲ ਹੀ ਵਿੱਚ ਅਟੈਕ ਹੈਲੀਕਾਪਟਰਾਂ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਨੇ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ ਤੋਂ 156 ਲਾਈਟ ਕੰਬੈਟ ਹੈਲੀਕਾਪਟਰਾਂ ਲਈ 62,000 ਕਰੋੜ ਰੁਪਏ ਦਾ ਸੌਦਾ ਕੀਤਾ ਹੈ। ਇਨ੍ਹਾਂ ਵਿੱਚੋਂ 90 ਭਾਰਤੀ ਫੌਜ ਨਾਲ ਤਾਇਨਾਤ ਕੀਤੇ ਜਾਣਗੇ, ਜਦੋਂ ਕਿ 66 ਭਾਰਤੀ ਹਵਾਈ ਫ਼ੌਜ ਨੂੰ ਮਜ਼ਬੂਤੀ ਦੇਣਗੇ। ਇਨ੍ਹਾਂ ਹੈਲੀਕਾਪਟਰਾਂ ਦਾ ਨਿਰਮਾਣ ਹਿੰਦੁਸਤਾਨ ਐਰੋਨੌਟਿਕਸ ਲਿਮੀਟਿਡ ਦੇ ਬੈਂਗਲੁਰੂ ਅਤੇ ਤੁਮਕੁਰ ਪਲਾਂਟਾਂ ਵਿੱਚ ਹੋਵੇਗਾ, ਜਿਸ ਨਾਲ ਰੁਜ਼ਗਾਰ ਅਤੇ ਭਾਰਤ ਦੇ ਰੱਖਿਆ ਨਿਰਮਾਣ ਵਾਤਾਵਰਣ ਨੂੰ ਵੀ ਹੁਲਾਰਾ ਮਿਲੇਗਾ।
ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚ.ਏ.ਐੱਲ.) ਦੁਆਰਾ ਬਣਾਇਆ ਗਿਆ ਇਹ ਦੁਨੀਆ ਦਾ ਇਕਲੌਤਾ ਅਟੈਕ ਹੈਲੀਕਾਪਟਰ ਹੈ ਜੋ 5,000 ਮੀਟਰ (16,400 ਫੁੱਟ) 'ਤੇ ਟੇਕ ਆਫ਼ ਕਰਨ ਤੇ ਲੈਂਡ ਕਰਨ ਦੀ ਸਮਰੱਥਾ ਰੱਖਦਾ ਹੈ। ਇਸੇ ਕਾਰਨ ਇਸ ਨੂੰ ਸਿਆਚਿਨ ਗਲੇਸ਼ੀਅਰ ਅਤੇ ਪੂਰਬੀ ਲੱਦਾਖ ਵਰਗੇ ਖੇਤਰਾਂ ਵਿੱਚ ਲੜਾਈ ਲਈ ਇਕ ਆਦਰਸ਼ ਹੈਲੀਕਾਪਟਰ ਬਣਾਉਂਦਾ ਹੈ।
ਇਹ ਵੀ ਪੜ੍ਹੋ- ਜਿਸ ਦੋਸਤ ਨੂੰ ਭਰਾ ਮੰਨਿਆ, ਉਸੇ ਨਾਲ ਭੱਜ ਗਈ ਘਰਵਾਲੀ, ਕਿਹਾ- 'ਚੰਗਾ ਹੋਇਆ, ਨਹੀਂ ਤਾਂ ਮੇਰੀ ਵੀ....'
ਪ੍ਰਚੰਡ ਨੂੰ 3 ਅਕਤੂਬਰ 2022 ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਨੂੰ ਕਈ ਤਰ੍ਹਾਂ ਦੇ ਮਿਸ਼ਨਾਂ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਬਗਾਵਤ ਵਿਰੋਧੀ, ਹਵਾਈ ਰੱਖਿਆ ਦਮਨ ਅਤੇ ਬਖਤਰਬੰਦ ਯੁੱਧ ਸ਼ਾਮਲ ਹਨ। ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਫਾਇਰ ਕਰਨ ਦੀ ਇਸ ਦੀ ਸਮਰੱਥਾ ਇਸ ਨੂੰ ਜੰਗ ਦੇ ਮੈਦਾਨ ਵਿੱਚ ਇੱਕ ਸ਼ਕਤੀਸ਼ਾਲੀ ਪਾਵਰ ਬਣਾਉਂਦੀ ਹੈ।
1999 ਦੇ ਕਾਰਗਿਲ ਯੁੱਧ ਦੌਰਾਨ ਜ਼ਿਆਦਾ ਉਚਾਈ ਤੋਂ ਹਮਲੇ ਵਾਲੇ ਹੈਲੀਕਾਪਟਰ ਦੀ ਮੰਗ ਉਭਰੀ ਸੀ। ਇਸ ਜੰਗ ਦੌਰਾਨ ਭਾਰਤੀ ਫੌਜਾਂ ਨੂੰ ਉਚਾਈ 'ਤੇ ਦੁਸ਼ਮਣ ਦੇ ਟਿਕਾਣਿਆਂ 'ਤੇ ਹਮਲਾ ਕਰਨ ਲਈ ਸੰਘਰਸ਼ ਕਰਨਾ ਪਿਆ, ਕਿਉਂਕਿ ਰੂਸੀ Mi-25 ਅਤੇ Mi-35 ਹਮਲੇ ਵਾਲੇ ਹੈਲੀਕਾਪਟਰ ਇੰਨੀ ਉਚਾਈ 'ਤੇ ਜ਼ਿਆਦਾ ਕਾਰਗਰ ਨਹੀਂ ਸਨ। ਰਾਕੇਟ ਪੌਡਾਂ ਵਾਲੇ ਸੋਧੇ ਹੋਏ Mi-17 ਦੀ ਅਸਥਾਈ ਵਰਤੋਂ ਨਾਕਾਫ਼ੀ ਸਾਬਤ ਹੋਈ।
ਇਹ ਵੀ ਪੜ੍ਹੋ- ਮਿਆਂਮਾਰ ਤੇ ਥਾਈਲੈਂਡ 'ਚ ਆਏ ਭੂਚਾਲ 'ਤੇ PM ਮੋਦੀ ਨੇ ਜਤਾਈ ਚਿੰਤਾ, ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
ਇਸ ਜੰਗ ਦੌਰਾਨ ਆਈਆਂ ਸਮੱਸਿਆਵਾਂ ਨੇ ਇੱਕ ਸਵਦੇਸ਼ੀ ਲੜਾਕੂ ਹੈਲੀਕਾਪਟਰ ਦੀ ਲੋੜ ਨੂੰ ਉਜਾਗਰ ਕੀਤਾ, ਜਿਸ ਦੇ ਨਤੀਜੇ ਵਜੋਂ ਸਰਕਾਰ ਨੇ 2006 ਵਿੱਚ ਲਾਈਟ ਕੰਬੈਟ ਹੈਲੀਕਾਪਟਰ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਹਿੰਦੁਸਤਾਨ ਐਰੋਨੌਟਿਕਸ ਨੇ ਮਾਰਚ 2010 ਤੱਕ ਪਹਿਲਾ ਪ੍ਰੋਟੋਟਾਈਪ ਡੈਵੈਲਪ ਕੀਤਾ ਅਤੇ ਇਸ ਤੋਂ ਬਾਅਦ ਵਿਆਪਕ ਟੈਸਟਿੰਗ ਕੀਤੀ ਗਈ, ਜਿਸ ਵਿੱਚ ਸਿਆਚਿਨ ਗਲੇਸ਼ੀਅਰ ਵਿੱਚ ਸਫਲ ਲੈਂਡਿੰਗ ਸ਼ਾਮਲ ਸੀ। ਇਨ੍ਹਾਂ ਟੈਸਟਾਂ ਨੇ ਪ੍ਰਚੰਡ ਦੀ ਇਕ ਜ਼ਿਆਦਾ ਉਚਾਈ ਵਾਲੇ ਕਾਰਗਰ ਲੜਾਕੂ ਹੈਲੀਕਾਪਟਰ ਦੀ ਸਾਖ ਨੂੰ ਹੋਰ ਮਜ਼ਬੂਤ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e