ਕੋਰੋਨਾ ਆਫ਼ਤ: ਦੇਸ਼ ''ਚ ਕੁੱਲ ਅੰਕੜਾ 47 ਲੱਖ ਦੇ ਪਾਰ, ਹੁਣ ਤੱਕ 78,586 ਲੋਕਾਂ ਦੀ ਮੌਤ
Sunday, Sep 13, 2020 - 11:58 AM (IST)
ਨਵੀਂ ਦਿੱਲੀ— ਭਾਰਤ ਸਮੇਤ ਦੁਨੀਆ ਭਰ 'ਚ 200 ਦੇ ਕਰੀਬ ਦੇਸ਼ ਕੋਰੋਨਾ ਵਾਇਰਸ ਦੇ ਲਪੇਟ 'ਚ ਹਨ। ਹੁਣ ਤੱਕ 2.87 ਕਰੋੜ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਭਾਰਤ 'ਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 47,54,357 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 94,372 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 1,114 ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਹੁਣ ਤੱਕ 78,586 ਲੋਕਾਂ ਦੀ ਜਾਨ ਗਈ ਹੈ।
ਰਿਕਵਰੀ ਦਰ ਦੀ ਗੱਲ ਕਰੀਏ ਤਾਂ ਹੁਣ ਤੱਕ 37,02,596 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਐਤਵਾਰ ਨੂੰ ਠੀਕ ਹੋਣ ਵਾਲਿਆਂ ਦੀ ਦਰ 77.88 ਫੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਦੇ 9,73,175 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਵਾਇਰਸ ਦੇ ਕੁੱਲ ਕੇਸਾਂ ਦਾ 20.47 ਫੀਸਦੀ ਹੈ। ਦੇਸ਼ ਵਿਚ ਕੋਰੋਨਾ ਦੇ ਕੁੱਲ ਕੇਸ 7 ਅਗਸਤ ਨੂੰ 20 ਲੱਖ ਦੇ ਪਾਰ ਚੱਲੇ ਗਏ ਸਨ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ ਇਹ ਗਿਣਤੀ 40 ਲੱਖ ਦੇ ਪਾਰ ਪਹੁੰਚ ਗਈ ਸੀ।
ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 12 ਸਤੰਬਰ ਤੱਕ ਕੁੱਲ 5,62,60,928 ਨਮੂਨਿਆਂ ਦੀ ਜਾਂਚ ਹੋਈ ਹੈ, ਜਿਨ੍ਹਾਂ 'ਚੋਂ 10,71,702 ਨਮੂਨਿਆਂ ਦੀ ਜਾਂਚ ਸ਼ਨੀਵਾਰ ਨੂੰ ਕੀਤੀ ਗਈ। ਦੇਸ਼ ਵਿਚ ਲੱਗਭਗ ਸਾਰੇ ਸੂਬਿਆਂ ਤੋਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਕਈ ਸੂਬੇ ਅਜਿਹੇ ਵੀ ਹਨ, ਜੋ ਇਸ ਮਹਾਮਾਰੀ ਤੋਂ ਮੁਕਤ ਹੋ ਚੁੱਕੇ ਹਨ ਪਰ ਪ੍ਰਵਾਸੀਆਂ ਦੇ ਦਾਖ਼ਲ ਹੋਣ ਨਾਲ ਉਹ ਮੁੜ ਤੋਂ ਇਸ ਵਾਇਰਸ ਦੀ ਲਪੇਟ ਵਿਚ ਆ ਗਏ।