2 ਸਾਲਾਂ ਤੋਂ ਚੱਲ ਰਿਹਾ ਡੈੱਡਲਾਕ ਹੋਵੇਗਾ ਖ਼ਤਮ, ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣ ਲੱਗੇ ਭਾਰਤ-ਚੀਨ ਦੇ ਫ਼ੌਜੀ

Friday, Sep 09, 2022 - 10:45 AM (IST)

2 ਸਾਲਾਂ ਤੋਂ ਚੱਲ ਰਿਹਾ ਡੈੱਡਲਾਕ ਹੋਵੇਗਾ ਖ਼ਤਮ, ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣ ਲੱਗੇ ਭਾਰਤ-ਚੀਨ ਦੇ ਫ਼ੌਜੀ

ਨਵੀਂ ਦਿੱਲੀ (ਵਾਰਤਾ)- ਭਾਰਤ ਅਤੇ ਚੀਨ ਦੀਆਂ ਫ਼ੌਜਾਂ ਨੇ ਵੀਰਵਾਰ ਨੂੰ ਇਕ ਵੱਡੇ ਘਟਨਾਕ੍ਰਮ ’ਚ ਐਲਾਨ ਕੀਤਾ ਕਿ ਉਨ੍ਹਾਂ ਨੇ ਪੂਰਬੀ ਲੱਦਾਖ ’ਚ ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਪੈਟਰੋਲਿੰਗ ਪੁਆਇੰਟ (ਪੀ. ਪੀ.)-15 ਖੇਤਰ ’ਚ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲਿਆ ਆ ਰਿਹਾ ਡੈੱਡਲਾਕ ਖ਼ਤਮ ਹੋ ਜਾਵੇਗਾ। ਦੋਹਾਂ ਦੇਸ਼ਾ ਦੀਆਂ ਫੌਜਾਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਪਿੱਛੇ ਹਟਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਜੁਲਾਈ ’ਚ ਹੋਈ 16ਵੇਂ ਦੌਰ ਦੀ ਉੱਚ-ਪੱਧਰੀ ਫੌਜੀ ਵਾਰਤਾ ਦਾ ਨਤੀਜਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਦਰਮਿਆਨ 16ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ ’ਚ ਬਣੀ ਸਹਿਮਤੀ ਅਨੁਸਾਰ 8 ਸਤੰਬਰ 2022 ਨੂੰ ਗੋਗਰਾ-ਹਾਟ ਸਪ੍ਰਿੰਗਸ (ਪੀ. ਪੀ.-15) ਖੇਤਰ ਤੋਂ ਭਾਰਤੀ ਅਤੇ ਚੀਨੀ ਫੌਜੀਆਂ ਨੇ ਤਾਲਮੇਲ ਅਤੇ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ, ਜੋ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਥਿਰਤਾ ਲਈ ਚੰਗਾ ਹੈ।

ਇਹ ਵੀ ਪੜ੍ਹੋ : ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ ਸਿੱਖਾਂ ਦੀ ਦਸਤਾਰ ਤੇ ਕਿਰਪਾਨ ਦੀ ਤੁਲਨਾ : ਸੁਪਰੀਮ ਕੋਰਟ

ਉਜ਼ਬੇਕਿਸਤਾਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸਾਲਾਨਾ ਸਿਖਰ ਸੰਮੇਲਨ ਤੋਂ ਲਗਭਗ ਇਕ ਹਫਤਾ ਪਹਿਲਾਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ। ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਿਰਕਤ ਕਰਨਗੇ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਨੇਤਾਵਾਂ ਵਿਚਾਲੇ ਦੋ-ਪੱਖੀ ਮੁਲਾਕਾਤ ਹੋ ਸਕਦੀ ਹੈ। ਦੋਹਾਂ ਪੱਖਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਗਲਵਾਨ ਘਾਟੀ ਅਤੇ ਪੈਂਗੌਂਗ ਝੀਲ ਤੋਂ ਫ਼ੌਜਾਂ ਨੂੰ ਵਾਪਸ ਬੁਲਾਉਣ ’ਤੇ ਸਹਿਮਤੀ ਬਣ ਗਈ ਸੀ ਪਰ ਗੋਗਰਾ-ਹਾਟ ਸਪ੍ਰਿੰਗਸ ਖੇਤਰ ਤੋਂ ਫੌਜਾਂ ਦੀ ਵਾਪਸੀ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਸੀ। ਅਪ੍ਰੈਲ 2020 ’ਚ, ਚੀਨ ਵੱਲੋਂ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਖੇਤਰ ’ਚ ਡੈੱਡਲਾਕ ਪੈਦਾ ਹੋ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News