ਭਾਰਤ ਦਾ ਪਾਕਿਸਤਾਨ ਨੂੰ ਇਕ ਹੋਰ ਝਟਕਾ; ਸਮੁੰਦਰੀ ਜਹਾਜ਼ਾਂ ਲਈ ਭਾਰਤੀ ਬੰਦਰਗਾਹਾਂ ਕੀਤੀਆਂ ''ਬੰਦ''

Saturday, May 03, 2025 - 03:18 PM (IST)

ਭਾਰਤ ਦਾ ਪਾਕਿਸਤਾਨ ਨੂੰ ਇਕ ਹੋਰ ਝਟਕਾ; ਸਮੁੰਦਰੀ ਜਹਾਜ਼ਾਂ ਲਈ ਭਾਰਤੀ ਬੰਦਰਗਾਹਾਂ ਕੀਤੀਆਂ ''ਬੰਦ''

ਨਵੀਂ ਦਿੱਲੀ- ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ਼ ਇਕ ਹੋਰ ਕਦਮ ਚੁੱਕਿਆ ਹੈ। ਭਾਰਤ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਪਾਕਿਸਤਾਨੀ ਝੰਡੇ ਵਾਲੇ ਜਹਾਜ਼ਾਂ ਨੂ ਭਾਰਤ ਦੇ ਕਿਸੇ ਵੀ ਬੰਦਰਗਾਹ 'ਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਈ ਹੈ। ਸਰਕਾਰ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇਕ ਅਧਿਕਾਰਤ ਨਿਰਦੇਸ਼ ਮੁਤਾਬਕ ਪਾਕਿਸਤਾਨੀ ਝੰਡੇ ਵਾਲੇ ਕਿਸੇ ਵੀ ਜਹਾਜ਼ ਨੂੰ ਭਾਰਤੀ ਬੰਦਰਗਾਹਾਂ 'ਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ, ਜਦੋਂ ਕਿ ਭਾਰਤੀ ਝੰਡੇ ਵਾਲੇ ਜਹਾਜ਼ਾਂ ਨੂੰ ਵੀ ਪਾਕਿਸਤਾਨੀ ਬੰਦਰਗਾਹਾਂ 'ਤੇ ਠਹਿਰਣ ਤੋਂ ਰੋਕ ਦਿੱਤਾ ਗਿਆ ਹੈ।

ਸਰਕਾਰ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਹੁਕਮ ਜਨਤਕ ਹਿੱਤ ਵਿਚ ਅਤੇ ਭਾਰਤੀ ਜਹਾਜ਼ਰਾਨੀ ਦੇ ਹਿੱਤ ਵਿਚ ਭਾਰਤੀ ਸੰਪਤੀਆਂ, ਮਾਲ ਅਤੇ ਸਬੰਧਤ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤਾ ਗਿਆ ਹੈ। ਇਹ ਨਿਰਦੇਸ਼ ਤੁਰੰਤ ਲਾਗੂ ਹੋ ਗਿਆ ਹੈ ਅਤੇ ਅਗਲੇ ਨੋਟਿਸ ਤੱਕ ਲਾਗੂ ਰਹੇਗਾ। ਭਾਰਤ ਨੇ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਵਿਰੁੱਧ ਕਈ ਪਾਬੰਦੀਆਂ ਲਗਾਈਆਂ ਹਨ।

ਸਰਕਾਰ ਨੇ ਪਾਕਿਸਤਾਨ ਤੋਂ ਹਰ ਤਰ੍ਹਾਂ ਦੇ ਮਾਲ ਦੇ ਸਿੱਧੇ ਜਾਂ ਕਿਸੇ ਹੋਰ ਦੇਸ਼ ਤੋਂ ਆਯਾਤ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨ ਦੇ ਕਿਸੇ ਮਾਲ ਨੂੰ ਭਾਰਤ ਦੇ ਰਸਤਿਓਂ ਕਿਸੇ ਦੂਜੀ ਥਾਂ ਭੇਜਣ 'ਤੇ ਰੋਕ ਲਾ ਦਿੱਤੀ ਗਈ ਹੈ। ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 26 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਸਨ। ਅੱਤਵਾਦੀਆਂ ਨੇ ਉੱਥੇ ਨਿਸ਼ਾਨਾ ਬਣਾ ਕੇ ਕਤਲੇਆਮ ਕੀਤਾ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


author

Tanu

Content Editor

Related News