ਪਾਕਿਸਤਾਨੀ ਉਡਾਨਾਂ ਨੂੰ ਭਾਰਤੀ ਆਸਮਾਨ ''ਚ ਹੁਣ ਨਹੀਂ ਮਿਲੇਗੀ ਐਂਟਰੀ, ਭਾਰਤ ਨੇ ਵਧਾਇਆ ਬੈਨ
Friday, May 23, 2025 - 11:10 PM (IST)

ਨਵੀਂ ਦਿੱਲੀ–ਭਾਰਤ ਨੇ ਪਾਕਿਸਤਾਨੀ ਏਅਰਲਾਈਨ ਵਲੋਂ ਸੰਚਾਲਿਤ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ ਹੋਰ ਇਕ ਮਹੀਨੇ ਲਈ ਭਾਵ 23 ਜੂਨ ਤੱਕ ਵਧਾ ਦਿੱਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਸਰਕਾਰ ਵਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਤਹਿਤ 30 ਅਪ੍ਰੈਲ ਨੂੰ ਲਾਈ ਗਈ ਪਾਬੰਦੀ 23 ਮਈ (ਸ਼ਨੀਵਾਰ) ਨੂੰ ਖਤਮ ਹੋਣ ਵਾਲੀ ਸੀ।
ਸ਼ੁੱਕਰਵਾਰ ਨੂੰ ਜਾਰੀ ਨਵੇਂ ‘ਨੋਟੇਮ’ ਮੁਤਾਬਕ ਭਾਰਤੀ ਹਵਾਈ ਖੇਤਰ ਪਾਕਿਸਤਾਨ ਵਿਚ ਰਜਿਸਟਰਡ ਜਹਾਜ਼ਾਂ ਦੇ ਨਾਲ-ਨਾਲ ਪਾਕਿਸਤਾਨੀ ਏਅਰਲਾਈਨਜ਼ ਅਤੇ ਆਪ੍ਰੇਟਰ ਵਲੋਂ ਸੰਚਾਲਿਤ, ਮਾਲਕੀਅਤ ਵਾਲੇ ਜਾਂ ਪੱਟੇ ’ਤੇ ਦਿੱਤੇ ਗਏ ਜਹਾਜ਼ਾਂ ਲਈ 23 ਜੂਨ, 2025 ਤੱਕ ਮੁਹੱਈਆ ਨਹੀਂ ਹੋਵੇਗਾ।