ਸੱਚ ਹੋ ਰਹੀ ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ; ਜਾਣੋ ਕਿਸ ਚੀਜ਼ ਨੂੰ ਲੈ ਕੇ ਦਿੱਤੀ ਚਿਤਾਵਨੀ
Wednesday, May 21, 2025 - 11:23 AM (IST)

ਨੈਸ਼ਨਲ ਡੈਸਕ- ਬਾਬਾ ਵੇਂਗਾ, ਜਿਨ੍ਹਾਂ ਦੀਆਂ ਭਵਿੱਖਬਾਣੀਆਂ ਅੱਜ ਵੀ ਲੋਕਾਂ ਨੂੰ ਹੈਰਾਨ ਕਰਦੀਆਂ ਹਨ, ਨੇ ਕਈ ਸਾਲ ਪਹਿਲਾਂ ਇਕ ਅਜਿਹੀ ਤਕਨਾਲੋਜੀ ਬਾਰੇ ਚਿਤਾਵਨੀ ਦਿੱਤੀ ਸੀ ਜੋ ਅੱਜ ਹਰ ਕਿਸੇ ਦੀ ਜੇਬ ਵਿਚ ਮੌਜੂਦ ਹੈ- ਉਹ ਹੈ ਸਮਾਰਟਫੋਨ। ਬਾਬਾ ਵੇਂਗਾ ਨੇ ਕਿਹਾ ਸੀ ਕਿ ਇਕ ਸਮਾਂ ਆਵੇਗਾ ਜਦੋਂ ਲੋਕ ਛੋਟੇ ਇਲੈਕਟ੍ਰਾਨਿਕ ਯੰਤਰਾਂ 'ਤੇ ਇੰਨੇ ਨਿਰਭਰ ਹੋ ਜਾਣਗੇ ਕਿ ਇਹ ਮਨੁੱਖੀ ਵਿਵਹਾਰ, ਸੋਚਣ ਦੀ ਸਮਰੱਥਾ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰੇਗਾ।
ਜਦੋਂ ਅਸੀਂ ਅੱਜ ਆਪਣੇ ਆਲੇ-ਦੁਆਲੇ ਦੇਖਦੇ ਹਾਂ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਵਿਚ ਕਿੰਨੀ ਸੱਚਾਈ ਸੀ। ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਦੇ ਜ਼ਿੰਦਗੀ 'ਚ ਸਮਾਰਟਫੋਨ ਇਕ ਜ਼ਰੂਰਤ ਨਹੀਂ ਸਗੋਂ ਇਕ ਆਦਤ ਬਣ ਚੁੱਕਾ ਹੈ।
ਬੱਚਿਆਂ ਦੀ ਨੀਂਦ ਪੈ ਰਿਹਾ ਡੂੰਘਾ ਅਸਰ
ਭਾਰਤ ਦੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਵਲੋਂ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਲੱਗਭਗ 24 ਫ਼ੀਸਦੀ ਬੱਚੇ ਸੌਂਣ ਤੋਂ ਪਹਿਲਾਂ ਮੋਬਾਇਲ ਫੋਨ ਦਾ ਇਸਤੇਮਾਲ ਕਰਦੇ ਹਨ। ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਨੀਂਦ 'ਤੇ ਪੈ ਰਿਹਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਬੱਚੇ ਪੂਰਾ ਦਿਨ ਥਕਾਵਟ, ਚਿੜਚਿੜਾਪਨ ਮਹਿਸੂਸ ਕਰਦੇ ਹਨ।
ਸਮਾਰਟਫੋਨ ਦਾ ਮਾਨਸਿਕ ਸਿਹਤ 'ਤੇ ਅਸਰ
ਸਮਾਰਟਫੋਨ ਦੀ ਆਦਤ ਨਾ ਸਿਰਫ ਨੀਂਦ 'ਤੇ ਅਸਰ ਪਾ ਰਹੀ ਹੈ ਸਗੋਂ ਬੱਚਿਆਂ ਵਿਚ ਮਾਨਸਿਕ ਸਮੱਸਿਆਵਾਂ ਵੀ ਵੱਧ ਰਹੀਆਂ ਹਨ। ਸਕਰੀਨ 'ਤੇ ਘੰਟਿਆਂਬੱਧੀ ਸਮਾਂ ਬਿਤਾਉਣ ਨਾਲ ਨਾ ਸਿਰਫ਼ ਅੱਖਾਂ ਅਤੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਸਗੋਂ ਇਸ ਨਾਲ ਬੱਚਿਆਂ ਵਿਚ ਚਿੰਤਾ, ਡਿਪ੍ਰੈਸ਼ਨ ਅਤੇ ਇਕੱਲੇਪਣ ਦੀ ਭਾਵਨਾ ਵੀ ਵੱਧ ਰਹੀ ਹੈ।
ਯਾਦਦਾਸ਼ਤ ਹੋ ਰਹੀ ਕਮਜ਼ੋਰ, ਭਵਿੱਖ ਲਈ ਖ਼ਤਰਾ
ਬਾਬਾ ਵੇਂਗਾ ਨੇ ਜਿਸ ਖ਼ਤਰੇ ਬਾਰੇ ਗੱਲ ਕੀਤੀ ਸੀ, ਉਹ ਹੁਣ ਸਾਡੇ ਸਾਹਮਣੇ ਖੜ੍ਹਾ ਹੈ। ਬੱਚਿਆਂ ਦਾ ਧਿਆਨ ਵਾਰ-ਵਾਰ ਭਟਕਦਾ ਰਹਿੰਦਾ ਹੈ, ਉਹ ਕਿਸੇ ਇਕ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ। ਇਸ ਨਾਲ ਨਾ ਸਿਰਫ਼ ਪੜ੍ਹਾਈ 'ਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਸਗੋਂ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਯਾਦਦਾਸ਼ਤ ਵੀ ਕਮਜ਼ੋਰ ਪੈ ਰਹੀ ਹੈ।
ਤਕਨਾਲੋਜੀ ਵਰਦਾਨ ਹੈ ਜਾਂ ਸਰਾਪ? ਹੁਣ ਸੋਚਣ ਦਾ ਸਮਾਂ ਹੈ
ਸਮਾਰਟਫੋਨ ਮਨੁੱਖਾਂ ਨੇ ਆਪਣੀ ਸਹੂਲਤ ਲਈ ਬਣਾਇਆ ਸੀ ਪਰ ਅੱਜ ਉਹੀ ਯੰਤਰ ਇਕ ਆਦਤ ਬਣ ਗਿਆ ਹੈ ਜੋ ਹੌਲੀ-ਹੌਲੀ ਹਰ ਉਮਰ ਦੇ ਲੋਕਾਂ ਨੂੰ ਮਾਨਸਿਕ, ਸਰੀਰਕ ਅਤੇ ਸਮਾਜਿਕ ਤੌਰ 'ਤੇ ਕਮਜ਼ੋਰ ਬਣਾ ਰਿਹਾ ਹੈ। ਬਾਬਾ ਵੇਂਗਾ ਦੀ ਭਵਿੱਖਬਾਣੀ ਇਕ ਚਿਤਾਵਨੀ ਸੀ ਜਿਸ ਨੂੰ ਹੁਣ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜੇਕਰ ਅਸੀਂ ਸਮੇਂ ਸਿਰ ਸਮਾਰਟਫੋਨ ਦੀ ਸੀਮਤ ਵਰਤੋਂ ਨਹੀਂ ਸਿੱਖੀ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣ ਲਈ ਮਜਬੂਰ ਹੋਣਾ ਪਵੇਗਾ।
ਹੱਲ ਕੀ ਹੈ?
➤ ਬੱਚਿਆਂ 'ਚ ਸਮਾਰਟਫੋਨ ਦੀ ਵਰਤੋਂ ਸੀਮਤ ਕਰੋ।
➤ ਸੌਣ ਤੋਂ ਇਕ ਘੰਟਾ ਪਹਿਲਾਂ ਮੋਬਾਇਲ ਫੋਨ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿਓ।
➤ ਖੇਡਣ, ਗੱਲਾਂ ਕਰਨ ਅਤੇ ਬਾਹਰ ਸਮਾਂ ਬਿਤਾਉਣ ਦੀ ਆਦਤ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਤਕਨਾਲੋਜੀ ਦੇ ਗੁਲਾਮ ਬਣਨ ਦੀ ਬਜਾਏ, ਸਾਨੂੰ ਇਸ ਨੂੰ ਆਪਣੇ ਕਾਬੂ ਵਿਚ ਲੈਣਾ ਚਾਹੀਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਕ ਛੋਟੀ ਜਿਹੀ ਸਕਰੀਨ ਸਾਡੀ ਸੋਚ, ਸਿਹਤ ਅਤੇ ਰਿਸ਼ਤਿਆਂ ਨੂੰ ਤਬਾਹ ਕਰ ਦੇਵੇਗੀ।