ਸੰਵਿਧਾਨ ’ਤੇ ਖਤਰਾ ਅਜੇ ਟਲਿਆ ਨਹੀਂ : ਪਵਾਰ

Saturday, Aug 17, 2024 - 12:04 AM (IST)

ਸੰਵਿਧਾਨ ’ਤੇ ਖਤਰਾ ਅਜੇ ਟਲਿਆ ਨਹੀਂ : ਪਵਾਰ

ਮੁੰਬਈ, (ਅਨਸ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ ਨੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮੂਹਰਲੀ ਕਤਾਰ ਦੀ ਸੀਟ ਨਾ ਦੇਣ ਲਈ ਸ਼ੁੱਕਰਵਾਰ ਕੇਂਦਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਸਰਕਾਰ ਵਿਰੋਧੀ ਧਿਰ ਦੇ ਆਗੂ ਦਾ ਸਨਮਾਨ ਨਹੀਂ ਕਰ ਰਹੀ।

ਮਹਾਰਾਸ਼ਟਰ ’ਚ ਵਿਰੋਧੀ ਗੱਠਜੋੜ ‘ਮਹਾ ਵਿਕਾਸ ਆਘਾੜੀ’ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪਵਾਰ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਬਹੁਮਤ ਨਾ ਮਿਲਣ ਦੇ ਬਾਵਜੂਦ ਸੰਵਿਧਾਨ ’ਤੇ ਖ਼ਤਰਾ ਅਜੇ ਟਲਿਆ ਨਹੀਂ ਹੈ।

ਪਵਾਰ ਨੇ ਕਿਹਾ ਕਿ ਕੇਂਦਰ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦਾ ਸਨਮਾਨ ਨਹੀਂ ਕੀਤਾ। ਵਿਰੋਧੀ ਧਿਰ ਦੇ ਨੇਤਾ ਨੂੰ ਪਿਛਲੀ ਕਤਾਰ ’ਚ ਬਿਠਾਇਆ ਗਿਆ। ਜਦੋਂ ਮੈਂ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ’ਚ ਵਿਰੋਧੀ ਧਿਰ ਦਾ ਨੇਤਾ ਸੀ ਤਾਂ ਮੈਨੂੰ ਆਜ਼ਾਦੀ ਦਿਵਸ ਸਮਾਰੋਹ ’ਚ ਕੈਬਨਿਟ ਮੰਤਰੀਆਂ ਕੋਲ ਬਿਠਾਇਆ ਗਿਆ ਸੀ।

ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੂੰ ਕੈਬਨਿਟ ਰੈਂਕ ਦੇ ਮੰਤਰੀ ਦੇ ਬਰਾਬਰ ਦੀ ਸੀਟ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਦਾ ਅਹੁਦਾ ਸੰਵਿਧਾਨਿਕ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਵੀ ਸੰਵਿਧਾਨਿਕ ਹੈ।

ਪਵਾਰ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਬਣਾਈ ਰੱਖਣੀ ਹੁੰਦੀ ਹੈ, ਉਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦੀ ਸਾਖ ਵੀ ਬਹੁਤ ਅਹਿਮ ਹੁੰਦੀ ਹੈ। ਕਾਂਗਰਸ ਨੇ ਵੀਰਵਾਰ ਕਿਹਾ ਸੀ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਲਾਲ ਕਿਲੇ ’ਤੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪਿਛਲੀ ਕਤਾਰ ’ਚ ਬਿਠਾਇਆ ਗਿਆ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਾਸ਼ਾ ਦਾ ਸੰਕੇਤ ਹੈ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਰਕਾਰ ਨੂੰ ਲੋਕਤੰਤਰ ਅਤੇ ਜਮਹੂਰੀ ਪ੍ਰੰਪਰਾਵਾਂ ਦੀ ਕੋਈ ਪ੍ਰਵਾਹ ਨਹੀਂ।


author

Rakesh

Content Editor

Related News