ਦੇਸ਼ ''ਚ ਵਧਿਆ ਓਮੀਕਰੋਨ ਦਾ ਖ਼ਤਰਾ; ਨਵੇਂ ਵੈਰੀਐਂਟ ਦੇ ਹੁਣ ਤੱਕ 61 ਮਾਮਲੇ
Wednesday, Dec 15, 2021 - 12:39 PM (IST)
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਦਿੱਲੀ ਵਿਚ ਮੰਗਲਵਾਰ ਨੂੰ ਓਮੀਕਰੋਨ ਦੇ 4 ਨਵੇਂ ਮਾਮਲੇ ਆਏ, ਜਦਕਿ ਮਹਾਰਾਸ਼ਟਰ 'ਚ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵਧ ਕੇ 61 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਮੰਗਲਵਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਸੀ ਕਿ ਰਾਸ਼ਟਰੀ ਰਾਜਧਾਨੀ 'ਚ 4 ਹੋਰ ਲੋਕ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਪੀੜਤ ਪਾਏ ਗਏ ਹਨ ਅਤੇ ਇਹ ਹਾਲ ਹੀ ਵਿਚ ਵਿਦੇਸ਼ ਯਾਤਰਾ ਕਰ ਚੁੱਕੇ ਹਨ। ਉੱਥੇ ਹੀ ਦਿੱਲੀ ਵਿਚ ਪਹਿਲਾ ਓਮੀਕਰੋਨ ਮਰੀਜ਼ ਠੀਕ ਹੋ ਚੁੱਕਾ ਹੈ ਅਤੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਤੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਓਧਰ ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ਵਿਚ ਓਮੀਕਰੋਨ ਦੇ 8 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ 'ਚੋਂ ਇਕ ਵੀ ਮਰੀਜ਼ ਨੇ ਵਿਦੇਸ਼ ਯਾਤਰਾ ਨਹੀਂ ਕੀਤੀ ਹੈ। ਓਮੀਕਰੋਨ ਤੋਂ ਪੀੜਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 28 ਹੋ ਗਈ ਹੈ। ਇਨ੍ਹਾਂ ਵਿਚੋਂ 7 ਮਾਮਲੇ ਮੁੰਬਈ ਵਿਚ ਸਾਹਮਣੇ ਆਏ ਹਨ ਅਤੇ ਪੀੜਤਾਂ 'ਚ 3 ਔਰਤਾਂ ਸ਼ਾਮਲ ਹਨ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ 'ਜ਼ੋਖਮ' ਵਾਲੇ ਦੇਸ਼ਾਂ- ਬ੍ਰਿਟੇਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੋਤਸਵਾਨਾ, ਜ਼ਿੰਬਾਬਵੇ, ਤਨਜ਼ਾਨੀਆ, ਹਾਂਗਕਾਂਗ, ਚੀਨ, ਘਾਨਾ, ਮੌਰੀਸ਼ਸ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ 20 ਦਸੰਬਰ ਤੋਂ ਆਰ. ਟੀ- ਪੀ. ਸੀ. ਆਰ ਲਈ ਜ਼ਰੂਰੀ ਰੂਪ ਨਾਲ ਪ੍ਰੀ-ਬੁਕਿੰਗ ਕਰਨੀ ਹੋਵੇਗੀ। ਇਹ ਹਵਾਈ ਅੱਡੇ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ ਅਤੇ ਹੈਦਰਾਬਾਦ ਹਨ।