ਅਮਰਨਾਥ ਦੇ ਦਰਸ਼ਨ ਨਾ ਹੋਣ ਕਾਰਨ ਮਣੀਮਹੇਸ਼ ''ਚ ਵਧੀ ਸ਼ਰਧਾਲੂਆਂ ਦੀ ਗਿਣਤੀ
Thursday, Aug 22, 2019 - 12:38 PM (IST)

ਚੰਬਾ—ਪਵਿੱਤਰ ਮਣੀਮਹੇਸ਼ ਯਾਤਰਾ ਦਾ ਸ਼ੁੱਭਆਰੰਭ ਹੋਣਾ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਹਜ਼ਾਰਾਂ ਸ਼ਰਧਾਲੂ ਮਣੀਮਹੇਸ਼ ਦੀ ਯਾਤਰਾ ਕਰ ਚੁੱਕੇ ਹਨ। ਇਸ ਸਾਲ ਇਹ ਅੰਕੜਾ ਜ਼ਿਆਦਾ ਹੋਣ ਦੇ ਪਿੱਛੇ ਸ਼੍ਰੀ ਅਮਰਨਾਥ ਯਾਤਰਾ 'ਤੇ ਰੋਕ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਮਣੀਮਹੇਸ਼ ਸਥਿਤ ਪਵਿੱਤਰ ਡਲ ਝੀਲ 'ਚ ਹੁਣ ਤੱਕ 25,000 ਸ਼ਰਧਾਲੂ ਡੁੱਬਕੀ ਲਗਾ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਹੁਣ ਵੀ ਯਾਤਰਾ ਮਾਰਗ 'ਤੇ ਹਨ। ਮਿਲੀ ਜਾਣਕਾਰੀ ਮੁਤਾਬਕ ਜਨਮਅਸ਼ਟਮੀ ਦੇ ਮੌਕੇ 'ਤੇ ਹੋਣ ਵਾਲੇ ਛੋਟੇ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਹੀ ਜੰਮੂ, ਪੰਜਾਬ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਲਗਭਗ 25,000 ਸ਼ਰਧਾਲੂ ਪਵਿੱਤਰ ਡਲ ਝੀਲ 'ਚ ਡੁੱਬਕੀ ਲਗਾ ਕੇ ਵਾਪਸੀ ਕਰ ਚੁੱਕੇ ਹਨ।
ਵਰਤਮਾਨ 'ਚ ਵੀ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਿਵ ਦਾ ਜਾਪ ਕਰਦੇ ਹੋਏ ਭਰਮੌਰ ਵੱਲ ਰੁਖ ਕਰਦੇ ਹਨ। ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਦੇ ਸਮੇਂ ਤੋਂ ਪਹਿਲਾਂ ਹੀ ਸਰਕਾਰ ਨੇ ਰੋਕ ਲਗਾ ਦਿੱਤੀ ਸੀ।ਅਜਿਹੇ 'ਚ ਹਜ਼ਾਰਾਂ ਭੋਲੇ ਦੇ ਭਗਤਾਂ ਬਾਬਾ ਬਰਫਾਨੀ ਦੇ ਦਰਸ਼ਨ ਨਹੀਂ ਕਰ ਸਕੇ, ਜਿਸ ਕਾਰਨ ਕਈ ਸ਼ਿਵਭਗਤਾਂ ਨੂੰ ਅਮਰਨਾਥ ਦੀ ਬਜਾਏ ਪਵਿੱਤਰ ਮਣੀਮਹੇਸ਼ ਯਾਤਰਾ ਵੱਲ ਰੁਖ ਕਰਨਾ ਪਿਆ। ਪਿਛਲੇ ਕਈ ਦਿਨਾਂ ਤੋਂ ਸ਼ਰਧਾਲੂਆਂ ਦੀਆਂ ਟੋਲੀਆਂ ਚੰਬਾ ਤੋਂ ਭਰਮੌਰ ਵੱਲ ਵਾਹਨਾਂ ਰਾਹੀਂ ਯਾਤਰਾ 'ਤੇ ਨਿਕਲ ਰਹੀਆਂ ਹਨ।
ਧਨਛੌ 'ਚ ਲਗਭਗ 27 ਸਾਲਾਂ ਤੋਂ ਤਪੱਸਿਆ ਕਰਨ ਵਾਲੇ ਮਹੰਤ ਆਕਾਸ਼ ਗਿਰੀ ਨੇ ਦੱਸਿਆ ਹੈ ਕਿ ਇਸ ਵਾਰ ਮਣੀਮਹੇਸ਼ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਅਮਰਨਾਥ ਯਾਤਰਾ 'ਤੇ ਰੋਕ ਇਸਦਾ ਮੁੱਖ ਕਾਰਨ ਹੈ, ਜਿਨ੍ਹਾਂ ਭਗਤਾਂ ਨੂੰ ਅਮਰਨਾਥ 'ਚ ਭੋਲੇ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ, ਉਹ ਮਣੀਮਹੇਸ਼ 'ਚ ਆ ਕੇ ਭੋਲੇ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਹਨ।