ਵਿਦੇਸ਼ ਮੰਤਰੀ ਜੈਸ਼ੰਕਰ ਨੇ ਸ਼੍ਰੀਲੰਕਾ ’ਚ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦਾ ਕੀਤਾ ਉਦਘਾਟਨ
Friday, Jun 21, 2024 - 11:32 AM (IST)
ਕੋਲੰਬੋ (ਭਾਸ਼ਾ) - ਵਿਦੇਸ਼ ਮੰਤਰੀ ਅੈੱਸ. ਜੈਸ਼ੰਕਰ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਸਮੇਤ ਦੇਸ਼ ਦੇ ਚੌਟੀ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਨਾਲ ਭਾਰਤ ਤੋਂ 60 ਲੱਖ ਅਮਰੀਕੀ ਡਾਲਰ ਦੀ ਗ੍ਰਾਂਟ ਨਾਲ ਬਣੇ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ। ਜੈਸ਼ੰਕਰ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਵਰਧਨੇ ਨਾਲ ਵੀ ਮੁਲਾਕਾਤ ਕੀਤੀ।
ਜੈਸ਼ੰਕਰ ਸਵੇਰੇ ਸ਼੍ਰੀਲੰਕਾ ਪਹੁੰਚੇ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਭਵਨ ’ਚ ਵਿਕਰਮਸਿੰਘੇ ਨਾਲ ਮੁਲਾਕਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਬਿਜਲੀ, ਉੂਰਜਾ, ਸੰਪਰਕ, ਸਰਹੱਦੀ ਬੁਨਿਆਦੀ ਢਾਂਚੇ, ਹਵਾਬਾਜ਼ੀ, ਡਿਜੀਟਲ, ਸਿਹਤ, ਖਾਦ ਸੁਰੱਖਿਆ, ਸਿੱਖਿਆ ਅਤੇ ਟੂਰਿਜ਼ਮ ਖੇਤਰ ’ਚ ਦੋ-ਪੱਖੀ ਸਹਿਯੋਗ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਿਕ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘ ਨਾਲ ਮੁਲਾਕਾਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।
ਰਾਸ਼ਟਰਪਤੀ ਵਿਕਰਮਸਿੰਘੇ ਅਤੇ ਜੈਸ਼ੰਕਰ ਨੇ ਸ਼੍ਰੀਲੰਕਾ ’ਚ ਸਮੁੰਦਰੀ ਬਚਾਅ ਤਾਲਮੇਲ ਕੇਂਦਰ (ਐੱਮ. ਆਰ. ਸੀ. ਸੀ.) ਦੀ ਤਖਤੀ ਦਾ ਡਿਜੀਟਲੀ ਉਦਘਾਟਨ ਕੀਤਾ ਅਤੇ ਰਸਮੀ ਤੌਰ ’ਤੇ ਕੇਂਦਰ ਦੀ ਸ਼ੁਰੂਆਤ ਕੀਤੀ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਸਿੰਘੇ ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਦੇ ਉਨ੍ਹਾਂ 7 ਚੌਟੀ ਦੇ ਨੇਤਾਵਾਂ ’ਚ ਸ਼ਾਮਿਲ ਸਨ, ਜਿਨ੍ਹਾਂ ਨੇ 9 ਜੂਨ ਨੂੰ ਰਾਸ਼ਟਰਪਤੀ ਭਵਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲਿਆ ਸੀ।