ਹੈਰਾਨੀਜਨਕ ਰਿਪੋਰਟ! ਮੱਧ ਪ੍ਰਦੇਸ਼ 'ਚ 7 ਸਾਲ ਦੀ ਉਮਰ 'ਚ ਕੁੜੀਆਂ ਪੀਂਦੀਆਂ ਹਨ ਸਿਗਰਟ
Sunday, Nov 27, 2022 - 11:41 AM (IST)
ਭੋਪਾਲ (ਏਜੰਸੀ)- ਮੱਧ ਪ੍ਰਦੇਸ਼ 'ਚ ਨੌਜਵਾਨਾਂ ਵਿਚਾਲੇ ਸਿਗਰਟਨੋਸ਼ੀ ਅਤੇ ਤੰਬਾਕੂ ਉਤਪਾਦਾਂ ਦੇ ਸੇਵਨ ਬਾਰੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਗਲੋਬਲ ਯੂਥ ਟੋਬੈਕੋ ਸਰਵੇ ਦੀ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ 'ਚ ਕੁੜੀਆਂ ਔਸਤਨ 7 ਸਾਲ ਦੀ ਉਮਰ 'ਚ ਸਿਗਰਟ ਪੀਣਾ ਸ਼ੁਰੂ ਕਰ ਦਿੰਦੀਆਂ ਹਨ, ਜਦੋਂ ਕਿ ਮੁੰਡੇ ਔਸਤਨ 11.5 ਸਾਲ ਦੀ ਉਮਰ 'ਚ ਸਿਗਰਟ ਪੀਣਾ ਸ਼ੁਰੂ ਕਰਦੇ ਹਨ। ਮਿਸ਼ਨ ਡਾਇਰੈਕਟਰ (ਐੱਮ.ਡੀ.) ਰਾਸ਼ਟਰੀ ਸਿਹਤ ਮਿਸ਼ਨ ਪ੍ਰਿਯੰਕਾ ਦਾਸ ਨੇ ਸ਼ਨੀਵਾਰ ਨੂੰ ਹੋਟਲ ਤਾਜ ਭੋਪਾਲ 'ਚ ਆਯੋਜਿਤ 'ਉਮੰਗ ਸਕੂਲ ਹੈਲਥ ਐਂਡ ਵੈਲਨੈੱਸ' ਪ੍ਰੋਗਰਾਮ ਦੌਰਾਨ ਉਕਤ ਜਾਣਕਾਰੀ ਦਿੱਤੀ। ਸੂਬੇ ਦੇ ਸਿਹਤ ਮੰਤਰੀ ਡਾ. ਪ੍ਰਭੂਰਾਮ ਚੌਧਰੀ ਨੇ ਪ੍ਰੋਗਰਾਮ 'ਚ ਗਲੋਬਲ ਯੂਥ ਟੋਬੈਕੋ ਸਰਵੇ (ਜੀ.ਵਾਈ.ਟੀ.ਐੱਸ.) ਦੀ ਸਰਵੇ ਰਿਪੋਰਟ ਜਾਰੀ ਕੀਤੀ।
ਸਰਵੇਖਣ ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਸਿਗਰਟ ਪੀਣ ਵਾਲੀਆਂ ਕੁੜੀਆਂ ਦੀ ਰਾਸ਼ਟਰੀ ਔਸਤ ਉਮਰ 9.3 ਸਾਲ ਹੈ, ਜਦੋਂ ਕਿ ਮੁੰਡਿਆਂ ਦੀ ਔਸਤ ਉਮਰ 10.4 ਸਾਲ ਹੈ। ਮੱਧ ਪ੍ਰਦੇਸ਼ 'ਚ ਸਿਗਰਟ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨਾਂ (ਮੁੰਡੇ ਅਤੇ ਕੁੜੀਆਂ) ਦੀ ਔਸਤ ਉਮਰ 8.5 ਸਲਾ ਹੈ, ਜਦੋਂ ਕਿ ਰਾਸ਼ਟਰੀ ਔਸਤ ਉਮਰ 11.5 ਸਾਲ ਹੈ। ਸੂਬੇ 'ਚ ਕਰੀਬ 2.10 ਫੀਸਦੀ ਕੁੜੀਆਂ ਸਿਗਰਟ ਪੀਂਦੀਆਂ ਹਨ ਅਤੇ 2.40 ਫੀਸਦੀ ਮੁੰਡੇ ਸਿਗਰਟ ਪੀਂਦੇ ਹਨ। ਇਸੇ ਤਰ੍ਹਾਂ ਕਰੀਬ 2.30 ਫੀਸਦੀ ਮੁੰਡੇ ਅਤੇ 1 ਫੀਸਦੀ ਕੁੜੀਆਂ ਬੀੜੀ ਦਾ ਸੇਵਨ ਕਰਦੀਆਂ ਹਨ। ਸੂਬੇ 'ਚ ਲਗਭਗ 4.40 ਫੀਸਦੀ ਮੁੰਡੇ ਅਤੇ 3.50 ਫੀਸਦੀ ਕੁੜੀਆਂ ਕਿਸੇ ਵੀ ਰੂਪ 'ਚ ਤੰਬਾਕੂ ਦਾ ਸੇਵਨ ਕਰਦੇ ਹਨ। ਇਨ੍ਹਾਂ ਮੁੰਡੇ ਅਤੇ ਕੁੜੀਆਂ ਦੀ ਉਮਰ 13 ਅਤੇ 15 ਸਾਲ ਦਰਮਿਆਨ ਹੈ। ਫਿਰ ਵੀ 35 ਹੋਰ ਸੂਬਿਆਂ ਦੀ ਤੁਲਨਾ 'ਚ ਮੱਧ ਪ੍ਰਦੇਸ਼ ਨੌਜਵਾਨਾਂ 'ਚ ਤੰਬਾਕੂ ਦੀ ਸਭ ਤੋਂ ਵੱਧ ਖਪਤ 'ਚ 29ਵੇਂ ਸਥਾਨ 'ਤੇ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ