ਇਸ ਪਿੰਡ ’ਚ 300 ਸਾਲਾਂ ਬਾਅਦ ਘੋੜੀ ਚੜਿ੍ਹਆ ਲਾੜਾ, ਪੰਚਾਇਤ ਨੇ ਖ਼ਤਮ ਕੀਤੀ ਅਜੀਬ ਪ੍ਰਥਾ
Monday, Jun 21, 2021 - 03:21 PM (IST)
ਭਿਵਾਨੀ (ਭਾਸ਼ਾ)— ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ’ਚ ਪੰਚਾਇਤ ਨੇ ਕਰੀਬ 300 ਸਾਲ ਪੁਰਾਣੀ ਭੇਦਭਾਵ ਪੂਰਨ ਪ੍ਰਥਾ ਨੂੰ ਆਖ਼ਰਕਾਰ ਖ਼ਤਮ ਕਰ ਦਿੱਤਾ ਹੈ। ਇਸ ਪ੍ਰਥਾ ਦੇ ਖ਼ਤਮ ਹੋਣ ਮਗਰੋਂ ਇੱਥੇ ਵਸੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਲਾੜੇ ਨੂੰ ਧੂਮ-ਧਾਮ ਨਾਲ ਘੋੜੇ ’ਤੇ ਸਵਾਰ ਕਰਵਾ ਕੇ ਵਿਦਾ ਕੀਤਾ। ਜ਼ਿਕਰਯੋਗ ਹੈ ਕਿ 300 ਸਾਲ ਪਹਿਲਾਂ ਵਸੇ ਪਿੰਡ ਗੋਬਿੰਦਪੁਰਾ ਦੀ ਆਬਾਦੀ ਕਰੀਬ 2000 ਹੈ ਅਤੇ ਇੱਥੇ ਸਿਰਫ਼ ਦੋ ਸਮਾਜ ਰਾਜਪੂਤ ਅਤੇ ਹੇੜੀ ਦੇ ਲੋਕ ਰਹਿੰਦੇ ਹਨ। ਪਿੰਡ ਵਿਚ ਰਾਜਪੂਤਾਂ ਦੀ ਆਬਾਦੀ ਕਰੀਬ 1200 ਅਤੇ ਹੇੜੀ ਸਮਾਜ ਦੇ ਲੋਕਾਂ ਦੀ ਗਿਣਤੀ 800 ਹੈ। ਗੋਬਿੰਦਪੁਰਾ ਪੰਚਾਇਤ ਦੇ ਸਰਪੰਚ ਬੀਰ ਸਿੰਘ ਨੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਪਿੰਡ ਪਹਿਲਾਂ ਹਾਲੁਵਾਸ ਮਾਜਰਾ ਦੇਵਸਰ ਪੰਚਾਇਤ ’ਚ ਆਉਂਦਾ ਸੀ। ਇਸ ਨੂੰ ਹਾਲ ’ਚ ਹੀ ਵੱਖਰੀ ਪੰਚਾਇਤ ਦੀ ਮਾਨਤਾ ਮਿਲੀ ਹੈ।
ਬੀਰ ਸਿੰਘ ਨੇ ਅੱਗੇ ਕਿਹਾ ਕਿ ਗੋਬਿੰਦਪੁਰਾ ਦੇ ਪੰਚਾਇਤ ਬਣਨ ਦੇ ਸਮੇਂ ਤੋਂ ਹੀ ਸਾਡਾ ਵਿਚਾਰ ਸੀ ਕਿ ਇੱਥੇ ਚਲੀ ਆ ਰਹੀ ਰੂੜੀਵਾਦੀ ਅਤੇ ਭੇਦਭਾਵਪੂਰਨ ਰਿਵਾਇਤਾਂ ਨੂੰ ਖ਼ਤਮ ਕੀਤਾ ਜਾਵੇਗਾ। ਪਿੰਡ ਵਿਚ ਰਹਿਣ ਵਾਲੇ ਦੋਵੇਂ ਸਮਾਜ ਦੇ ਲੋਕਾਂ ਨੂੰ ਬਰਾਬਰੀ ਨਾਲ ਆਪਣੀਆਂ-ਆਪਣੀਆਂ ਖ਼ੁਸ਼ੀਆਂ ਵੰਡਣ ਦਾ ਮੌਕਾ ਮਿਲੇ। ਉਨ੍ਹਾਂ ਨੇ ਦੱਸਿਆ ਕਿ ਕਰੀਬ 300 ਸਾਲ ਪਹਿਲਾਂ ਸਮਾਜ ਅਤੇ ਸਮਾਜਿਕ ਤਾਨੇ-ਬਾਨੇ ਕਾਰਨ ਅਜਿਹੀ ਰਵਾਇਤ ਸ਼ੁਰੂ ਹੋਈ ਸੀ ਅਤੇ ਇਹ ਅਜੇ ਤੱਕ ਚਲੀ ਆ ਰਹੀ ਸੀ।
ਬੀਰ ਸਿੰਘ ਨੇ ਦੱਸਿਆ ਕਿ 300 ਸਾਲ ਪਹਿਲਾਂ ਵੀ ਹੇੜੀ ਸਮਾਜ ਦੇ ਲੋਕਾਂ ਨੂੰ ਲਾੜੇ ਦੀ ਘੋੜ ਚੜ੍ਹੀ ਕਰਨ ਅਤੇ ਧੂਮ-ਧਾਮ ਨਾਲ ਬਰਾਤ ਕੱਢਣ ਨੂੰ ਕਿਹਾ ਸੀ ਪਰ ਉਸ ਦੌਰਾਨ ਪੰਚਾਇਤ ਵਿਚ ਲੋਕ ਇਸ ਨੂੰ ਲੈ ਕੇ ਨਾਰਾਜ਼ ਹੋ ਗਏ ਸਨ ਅਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਹੇੜੀ ਸਮਾਜ ਦੇ ਮੁੰਡੇ ਵਿਜੇ ਦੇ ਵਿਆਹ ਦਾ ਪਤਾ ਲੱਗਾ। ਮੈਂ ਇਸ ਨੂੰ ਮੌਕੇ ਦੇ ਰੂਪ ਵਿਚ ਲਿਆ। ਰਾਜਪੂਤ ਸਮਾਜ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਘਰ ਗਏ ਅਤੇ ਪਰਿਵਾਰ ਨੂੰ ਧੂਮ-ਧਾਮ ਨਾਲ ਬਰਾਤ ਕੱਢਣ ਅਤੇ ਘੋੜੀ ਚੜ੍ਹਨ ਲਈ ਰਾਜ਼ੀ ਕੀਤਾ। ਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਡ ਵਿਚ ਇਸ ਨੂੰ ਲੈ ਕੇ ਕਿਸੇ ਨੇ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ। ਲਾੜੇ ਦਾ ਪਿਤਾ ਕਿਸ਼ਨ ਸਮੇਤ ਪੂਰਾ ਹੇੜੀ ਸਮਾਜ ਬਹੁਤ ਖੁਸ਼ ਹੈ।