ਗੋਆ 'ਚ ਬੀਤੇ 5 ਸਾਲਾਂ 'ਚ 60 ਫੀਸਦੀ ਵਿਧਾਇਕਾਂ ਨੇ ਕੀਤਾ ਦਲਬਦਲ, ਬਣਾਇਆ ਦੇਸ਼ਵਿਆਪੀ ਰਿਕਾਰਡ

Saturday, Jan 22, 2022 - 03:48 PM (IST)

ਗੋਆ 'ਚ ਬੀਤੇ 5 ਸਾਲਾਂ 'ਚ 60 ਫੀਸਦੀ ਵਿਧਾਇਕਾਂ ਨੇ ਕੀਤਾ ਦਲਬਦਲ, ਬਣਾਇਆ ਦੇਸ਼ਵਿਆਪੀ ਰਿਕਾਰਡ

ਪਣਜੀ (ਭਾਸ਼ਾ)- ਗੋਆ 'ਚ ਬੀਤੇ 5 ਸਾਲਾਂ 'ਚ ਲਗਭਗ 24 ਵਿਧਾਇਕਾਂ ਨੇ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਹੱਥ ਫੜਿਆ ਹੈ, ਜੋ 40 ਮੈਂਬਰੀ ਰਾਜ ਵਿਧਾਨ ਸਭਾ 'ਚ ਵਿਧਾਇਕਾਂ ਦੀ ਕੁੱਲ ਗਿਣਤੀ ਦਾ 60 ਫੀਸਦੀ ਹੈ। ਇਕ ਸੰਗਠਨ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 'ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮ' (ਏ.ਡੀ.ਆਰ.) ਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਸ ਮਾਮਲੇ 'ਚ ਗੋਆ ਨੇ ਇਕ ਅਨੋਖਾ ਰਿਕਾਰਡ ਕਾਇਮ ਕੀਤਾ ਹੈ, ਜਿਸ ਦੀ ਭਾਰਤੀ ਲੋਕਤੰਤਰ ਦੇ ਇਤਿਹਾਸ 'ਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਗੋਆ 'ਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਰਿਪੋਰਟ 'ਚ ਕਿਹਾ ਗਿਆ ਹੈ,''ਮੌਜੂਦਾ ਵਿਧਾਨ ਸਭਾ (2017-2022) ਦੇ 5 ਸਾਲ ਦੇ ਕਾਰਜਕਾਲ ਦੌਰਾਨ ਲਗਭਗਹ 24 ਵਿਧਾਇਕਾਂ ਨੇ ਦਲ ਬਦਲਿਆ, ਜੋ ਸਦਨ 'ਚ ਵਿਧਾਇਕਾਂ ਦੀ ਕੁੱਲ ਗਿਣਤੀ ਦਾ 60 ਫੀਸਦੀ ਹਿੱਸਾ ਹੈ। ਭਾਰਤ 'ਚ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਸ ਨਾਲ ਜਨਾਦੇਸ਼ ਦੇ ਘੋਰ ਅਨਾਦਰ ਦੀ ਗੱਲ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ ਅਤੇ ਲਾਲਚ ਨੈਤਿਕ ਦ੍ਰਿਸ਼ਟੀਕੋਣ ਅਤੇ ਅਨੁਸ਼ਾਸਨ 'ਤੇ ਭਾਰੀ ਪੈਂਦਾ ਦਿਖਾਈ ਦਿੰਦਾ ਹੈ।'' 

ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ

ਰਿਪੋਰਟ 'ਚ ਕਿਹਾ ਗਿਆ ਹੈ ਕਿ 24 ਵਿਧਾਇਕਾਂ ਦੀ ਸੂਚੀ 'ਚ ਵਿਸ਼ਵਜੀਤ ਰਾਣੇ, ਸੁਭਾਸ਼ ਸ਼ਿਰੋਡਕਰ ਅਤੇ ਦਯਾਨੰਦ ਸੋਪਟੇ ਦਾ ਨਾਮ ਸ਼ਾਮਲ ਨਹੀਂ ਹੈ, ਜਿਨ੍ਹਾਂ ਨੇ 2017 'ਚ ਕਾਂਗਰਸ ਵਿਧਾਇਕਾਂ ਦੇ ਰੂਪ 'ਚ ਵਿਧਾਨ ਸਭਾ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਸੱਤਾਧਾਰੀ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਉਸ ਦੇ ਟਿਕਟ 'ਤੇ ਚੋਣ ਲੜੀ ਸੀ। ਕਾਂਗਰਸ ਦੇ 10 ਵਿਧਾਇਕ 2019 'ਚ ਪਾਰਟੀ ਛੱਡ ਭਾਜਪਾ 'ਚ ਸ਼ਾਮਲ ਹੋ ਗਏ ਸਨ। ਇਨ੍ਹਾਂ 'ਚ ਵਿਰੋਧੀ ਧਿਰ ਦੇ ਨੇਤਾ ਚੰਦਰਕਾਂਤ ਕਾਵਲੇਕਰ ਵੀ ਸ਼ਾਮਲ ਸਨ। ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਜਾਣ ਵਾਲੇ ਹੋਰ ਕਾਂਗਰਸੀ ਵਿਧਾਇਕਾਂ 'ਚ ਜੈਨੀਫਰ ਮੋਨਸੇਰੇਟ (ਤਾਲੀਗਾਓ), ਫਰਾਂਸਿਸਕੋ ਸਿਲਵੇਰੀਆ (ਸੇਂਟ ਆਂਦਰੇ), ਫਿਲਿਪ ਨੇਰੀ ਰੌਡਰਿਗਜ਼ (ਵੇਲਿਮ), ਵਿਲਫ੍ਰੇਡ ਨਾਜ਼ਰੇਥ ਮੇਨਿਨੋ ਡੀ'ਸਾ (ਨੁਵੇਮ), ਕਲੈਫਸੀਓ ਡਾਇਸ (ਕਨਕੋਲਿਮ), ਐਂਟੋਨੀਓ ਕਾਰਾਨੋ ਫਰਨਾਂਡਿਸ (ਸੇਂਟ ਕਰੂਜ਼), ਨੀਲਕੰਠ ਹਲਰਨਕਰ (ਤਿਵਿਮ), ਇਸੀਡੋਰ ਫਰਨਾਂਡਿਸ (ਕਾਨਾਕੋਨਾ), ਅਤਾਨਾਸੀਓ ਮੋਨਸੇਰੇਟ (ਜੋ ਮਨੋਹਰ ਪਾਰੀਕਰ ਦੇ ਦਿਹਾਂਤ ਤੋਂ ਬਾਅਦ 2019 'ਚ ਪਣਜੀ ਉਪ ਚੋਣ ਜਿੱਤੇ ਸਨ) ਸ਼ਾਮਲ ਹਨ। ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮ.ਜੀ.ਪੀ.) ਦੇ ਵਿਧਾਇਕ ਦੀਪਕ ਪੌਸਕਰ (ਸਨਵੋਡਰੇਮ) ਅਤੇ ਮਨੋਹਰ ਅਜਗਾਂਵਕਰ (ਪੇਰਨੇਮ) ਵੀ ਇਸੇ ਮਿਆਦ ਦੌਰਾਨ ਭਾਜਪਾ 'ਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਸਾਲੀਗਾਓਂ ਤੋਂ ਗੋਆ ਫਾਰਵਰਡ ਪਾਰਟੀ (ਜੀ.ਐਫ.ਪੀ.) ਦੇ ਵਿਧਾਇਕ ਜਯੇਸ਼ ਸਲਗਾਂਵਕਰ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਹਾਲ ਹੀ 'ਚ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਪੋਂਡਾ ਤੋਂ ਕਾਂਗਰਸ ਵਿਧਾਇਕ ਰਵੀ ਨਾਇਕ ਸੱਤਾਧਾਰੀ ਭਗਵਾ ਪਾਰਟੀ 'ਚ ਸ਼ਾਮਲ ਹੋਏ ਹਨ। ਇਕ ਹੋਰ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਲੁਈਜਿਨਹੋ ਫਲੇਰੋ (ਨਵੇਲਿਮ) ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ) 'ਚ ਸ਼ਾਮਲ ਹੋ ਗਏ ਹਨ ਅਤੇ 14 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਚਿਲ ਅਲੇਮਾਓ, ਜੋ 2017 'ਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਟਿਕਟ 'ਤੇ ਜਿੱਤੇ ਸਨ, ਨੇ ਵੀ ਹਾਲ ਹੀ 'ਚ ਟੀ.ਐਮ.ਸੀ. 'ਚ ਰੁਖ ਕੀਤਾ। ਸਾਲ 2017 ਦੀਆਂ ਚੋਣਾਂ 'ਚ, ਕਾਂਗਰਸ 40 ਮੈਂਬਰੀ ਸਦਨ 'ਚ 17 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਪਰ ਸਰਕਾਰ ਨਹੀਂ ਬਣਾ ਸਕੀ ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਪਾਰਟੀਆਂ ਨਾਲ ਗੱਠਜੋੜ ਬਣਾ ਲਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News