ਜਹਾਜ਼ ''ਚ ਮਹਿਲਾ ਯਾਤਰੀ ''ਤੇ ਪਿਸ਼ਾਬ ਕਰਨ ਦਾ ਮਾਮਲਾ; ਦਿੱਲੀ ਪੁਲਸ ਨੇ ਏਅਰ ਇੰਡੀਆ ਦੇ ਕਾਮਿਆਂ ਨੂੰ ਕੀਤਾ ਤਲਬ
Saturday, Jan 07, 2023 - 10:40 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਬੀਤੇ ਸਾਲ ਨਵੰਬਰ 'ਚ ਨਿਊਯਾਰਕ ਤੋਂ ਦਿੱਲੀ ਆ ਰਹੀ ਇਕ ਫਲਾਈਟ 'ਚ ਨਸ਼ੇ 'ਚ ਧੁੱਤ ਇਕ ਮਹਿਲਾ ਯਾਤਰੀ 'ਤੇ ਪਿਸ਼ਾਬ ਕੀਤੇ ਜਾਣ ਦੀ ਘਟਨਾ ਦੇ ਸਬੰਧ ਵਿਚ ਏਅਰ ਇੰਡੀਆ ਦੇ ਕਾਮਿਆਂ ਨੂੰ ਤਲਬ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਮਾਮਲੇ ਵਿਚ ਪਾਇਲਟ ਅਤੇ ਸਹਿ-ਪਾਇਲਟ ਸਮੇਤ ਏਅਰ ਇੰਡੀਆ ਦੇ ਕੁਝ ਕਾਮਿਆਂ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ।
ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹੁਣ ਉਨ੍ਹਾਂ ਨੂੰ 7 ਜਨਵਰੀ ਨੂੰ ਸਵੇਰੇ 10.30 ਵਜੇ ਪੁਲਸ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਤਲਬ ਕੀਤਾ ਗਿਆ ਹੈ। ਪੁਲਸ ਨੇ ਪੀੜਤਾ ਵਲੋਂ ਏਅਰ ਇੰਡੀਆ ਤੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਬੁੱਧਵਾਰ ਨੂੰ ਘਟਨਾ ਦੇ ਸਬੰਧ 'ਚ FIR ਦਰਜ ਕੀਤੀ ਸੀ। ਦੋਸ਼ੀ ਸ਼ੰਕਰ ਮਿਸ਼ਰਾ ਨੇ ਪਿਛਲੇ ਸਾਲ 26 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਵਿਚ ਬਿਜ਼ਨੈੱਸ ਕਲਾਸ 'ਚ ਨਸ਼ੇ ਦੀ ਹਾਲਤ ਵਿਚ ਬਜ਼ੁਰਗ ਮਹਿਲਾ ਸਹਿ-ਯਾਤਰੀ ਦੀ ਸੀਟ ਕੋਲ ਜਾ ਕੇ ਉਸ 'ਤੇ ਪਿਸ਼ਾਬ ਕੀਤਾ ਸੀ। ਕੈਲੀਫੋਰਨੀਆ ਆਧਾਰਿਤ ਇਕ ਅਮਰੀਕੀ ਬਹੁ-ਰਾਸ਼ਟਰੀ ਵਿੱਤੀ ਸੇਵਾ ਕੰਪਨੀ ਭਾਰਤੀ ਇਕਾਈ ਦੇ ਉਪ-ਪ੍ਰਧਾਨ ਮਿਸ਼ਰਾ ਨੂੰ ਘਟਨਾ ਤੋਂ ਬਾਅਦ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਮਿਸ਼ਰਾ ਨੂੰ ਫੜਨ ਲਈ ਗਠਿਤ ਟੀਮ ਮੁੰਬਈ ਅਤੇ ਬੈਂਗਲੁਰੂ ਭੇਜੀ ਗਈ ਹੈ। ਅਧਿਕਾਰੀ ਨੇ ਕਿਹਾ ਸੀ ਕਿ ਦੋਸ਼ੀ ਦਾ ਦਫ਼ਤਰ ਬੈਂਗਲੁਰੂ ਵਿਚ ਹਨ ਅਤੇ FIR ਜਾਂਚ ਵਿਚ ਪਤਾ ਲੱਗਾ ਹੈ ਕਿ ਉਹ ਘਰ ਤੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।