ਭਾਰਤੀ ਰੇਲਵੇ ਦੀ ਪਹਿਲਕਦਮੀ, ਗੁਹਾਟੀ ਰੇਲਵੇ ਸਟੇਸ਼ਨ ''ਤੇ ਲਾਇਆ ਪਹਿਲਾ ''ਟਰਾਂਸ ਟੀ ਸਟਾਲ''
Saturday, Mar 11, 2023 - 03:33 PM (IST)
ਗੁਹਾਟੀ- ਇਕ ਇਤਿਹਾਸਕ ਪਹਿਲਕਦਮੀ ਤਹਿਤ ਭਾਰਤੀ ਰੇਲਵੇ ਨੇ ਗੁਹਾਟੀ ਸਟੇਸ਼ਨ 'ਤੇ 'ਟਰਾਂਸ ਟੀ ਸਟਾਲ' ਸਥਾਪਤ ਕੀਤਾ ਹੈ। ਇਹ ਟੀ ਸਟਾਲ ਪੂਰੀ ਤਰ੍ਹਾਂ ਨਾਲ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਵਲੋਂ ਚਲਾਇਆ ਜਾਵੇਗਾ। 'ਟਰਾਂਸ ਟੀ ਸਟਾਲ' ਖੋਲ੍ਹਣ ਦਾ ਵਿਚਾਰ ਉੱਤਰ-ਪੂਰਬੀ ਫਰੰਟੀਅਰ ਰੇਲਵੇ (NEFR) ਵਲੋਂ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ।
NEFR ਦੇ ਜਨਰਲ ਮੈਨੇਜਰ ਅੰਸ਼ੁਲ ਗੁਪਤਾ ਨੇ ਅਸਾਮ ਦੇ ਟਰਾਂਸਜੈਂਡਰ ਵੈਲਫੇਅਰ ਬੋਰਡ ਦੀ ਐਸੋਸੀਏਟ ਵਾਈਸ ਚੇਅਰਮੈਨ ਸਵਾਤੀ ਬਿਧਾਨ ਬਰੂਹਾ ਦੀ ਮੌਜੂਦਗੀ ਵਿਚ ਸ਼ੁੱਕਰਵਾਰ ਨੂੰ ਪਲੇਟਫਾਰਮ ਨੰਬਰ-1 'ਤੇ 'ਟਰਾਂਸ ਟੀ ਸਟਾਲ' ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਗੁਪਤਾ ਨੇ ਕਿਹਾ ਕਿ NEFR ਨੇ ਟਰਾਂਸਜੈਂਡਰਾਂ ਦੇ ਸਸ਼ਕਤੀਕਰਨ ਲਈ ਪਹਿਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਪਤਾ ਨੇ ਕਿਹਾ ਕਿ ਇਹ ਦੇਸ਼ ਵਿਚ ਕਿਸੇ ਵੀ ਸਰਕਾਰੀ ਸੰਸਥਾ ਵਲੋਂ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ। ਰੇਲਵੇ ਖੇਤਰ ਦੇ ਹੋਰ ਰੇਲਵੇ ਸਟੇਸ਼ਨਾਂ 'ਤੇ ਅਜਿਹੇ ਹੋਰ ਚਾਹ ਦੇ ਸਟਾਲ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।
ਓਧਰ ਅਸਾਮ ਟਰਾਂਸਜੈਂਡਰ ਵੈਲਫੇਅਰ ਬੋਰਡ ਦੀ ਐਸੋਸੀਏਟ ਵਾਈਸ ਚੇਅਰਮੈਨ ਸਵਾਤੀ ਬਿਧਾਨ ਬਰੂਹਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਤਹਿਤ ਹੋਰ ਟਰਾਂਸਜੈਂਡਰ ਲੋਕਾਂ ਦਾ ਪੁਨਰਵਾਸ ਕੀਤਾ ਜਾਵੇਗਾ।