ਹੁਣ ਬਲਰਾਮਪੁਰ 'ਚ ਹਾਥਰਸ ਵਰਗਾ ਕਾਂਡ, 22 ਸਾਲਾ ਦਲਿਤ ਵਿਦਿਆਰਥਣ ਨਾਲ ਗੈਂਗਰੇਪ

10/01/2020 2:21:24 AM

ਬਲਰਾਮਪੁਰ - ਹਾਥਰਸ 'ਚ ਗੈਂਗਰੇਪ ਮਾਮਲੇ ਨੂੰ ਲੈ ਕੇ ਪੂਰਾ ਦੇਸ਼ ਅਜੇ ਉਬਲ ਰਿਹਾ ਹੈ, ਯੂ.ਪੀ. ਦੇ ਹੀ ਬਲਰਾਮਪੁਰ 'ਚ ਇੱਕ ਹੋਰ ਦਲਿਤ ਲੜਕੀ ਨਾਲ ਫਿਰ ਹੈਵਾਨੀਅਤ ਹੋਈ ਹੈ। 22 ਸਾਲ ਦੀ ਦਲਿਤ ਵਿਦਿਆਰਥਣ ਨਾਲ ਗੈਂਗਰੇਪ ਤੋਂ ਬਾਅਦ ਉਸ ਦੀ ਕਮਰ ਅਤੇ ਦੋਵੇਂ ਪੈਰ ਤੋੜ ਦਿੱਤੇ ਗਏ। ਉਸ ਤੋਂ ਬਾਅਦ ਉਸ ਨੂੰ ਰਿਕਸ਼ੇ 'ਚ ਬਿਠਾ ਕੇ ਘਰ ਭੇਜ ਦਿੱਤਾ ਗਿਆ ਜਿੱਥੇ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਬਲਰਾਮਪੁਰ ਦੇ ਗੈਸੜੀ ਕੋਤਵਾਲੀ ਖੇਤਰ ਦੀ ਹੈ।

ਮ੍ਰਿਤਕ ਲੜਕੀ ਦੀ ਮਾਂ ਦਾ ਦੋਸ਼ ਹੈ ਕਿ ਉਸਦੀ ਧੀ ਨੂੰ ਟੀਕਾ ਲਗਾ ਕੇ ਹੈਵਾਨੀਅਤ ਕੀਤੀ ਗਈ ਜਿਸ ਕਾਰਨ ਉਹ ਕੁੱਝ ਵੀ ਬੋਲ ਨਹੀਂ ਪਾ ਰਹੀ ਸੀ। ਉਹ ਸਿਰਫ ਇੰਨਾ ਕਹਿ ਸਕੀ- ‘ਬਹੁਤ ਦਰਦ ਹੈ ਹੁਣ ਮੈਂ ਬਚਾਂਗੀ ਨਹੀਂ।’ ਹਾਲਾਂਕਿ ਬਲਰਾਮਪੁਰ ਐੱਸ.ਪੀ. ਦੇਵ ਰੰਜਨ ਵਰਮਾ ਨੇ ਕਿਹਾ ਕਿ ਹੱਥ-ਪੈਰ ਅਤੇ ਕਮਰ ਤੋੜਨ ਵਾਲੀ ਗੱਲ ਠੀਕ ਨਹੀਂ ਹੈ। ਪੋਸਟਮਾਰਟਮ ਰਿਪੋਰਟ 'ਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਮਾਮਲੇ 'ਚ ਦੋ ਦੋਸ਼ੀ ਸ਼ਾਹਿਦ ਅਤੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ 22 ਸਾਲ ਦੀ ਦਲਿਤ ਵਿਦਿਆਰਥਣ 29 ਸਤੰਬਰ ਦੀ ਸਵੇਰ ਕਰੀਬ 10 ਵਜੇ ਬੀ.ਕਾਮ 'ਚ ਦਾਖ਼ਲਾ ਕਰਵਾਉਣ ਘਰੋਂ ਨਿਕਲੀ ਸੀ ਪਰ ਘਰ ਨਹੀਂ ਪਰਤੀ। ਸ਼ਾਮ ਨੂੰ ਕਰੀਬ 5 ਵਜੇ ਉਸ ਦੀ ਭਾਲ ਸ਼ੁਰੂ ਹੋਈ। ਕਰੀਬ 7 ਵਜੇ ਸ਼ਾਮ ਨੂੰ ਪੀੜਤ ਲੜਕੀ ਇੱਕ ਰਿਕਸ਼ੇ 'ਤੇ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ 'ਚ ਘਰ ਪਹੁੰਚੀ। ਉਸਦੀ ਇਹ ਹਾਲਤ ਦੇਖ ਕੇ ਘਰ ਵਾਲਿਆਂ ਨੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦਰਦ ਨਾਲ ਕੁਰਲਾਉਣ ਲੱਗੀ। ਪਿੰਡ ਦੇ ਦੋ ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਿਲ੍ਹਾ ਹੈੱਡਕੁਆਰਟਰ ਇਲਾਜ ਕਰਵਾਉਣ ਲਈ ਲੈ ਕੇ ਰਵਾਨਾ ਹੋਏ ਪਰ ਕੁੱਝ ਦੂਰੀ 'ਤੇ ਹੀ ਵਿਦਿਆਰਥਣ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਦਿਆਰਥਣ ਘਰ ਪਹੁੰਚੀ ਤਾਂ ਚਿੱਕੜ ਨਾਲ ਲਿਬੜੀ ਸੀ ਅਤੇ ਉਸ ਦੇ ਹੱਥ 'ਚ ਗਲੂਕੋਜ਼ ਚੜ੍ਹਾਉਣ ਵਾਲਾ ਵੀਗੋ ਲੱਗਾ ਸੀ। ਪਰਿਵਾਰ ਵਾਲਿਆਂ ਨੇ ਜਦੋਂ ਪਿੰਡ 'ਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਦੇ ਹੀ ਇੱਕ ਡਾਕਟਰ ਨੂੰ ਪਿੰਡ ਦੇ ਹੀ ਇੱਕ ਮੁੰਡੇ ਨੇ ਇੱਕ ਘਰ 'ਚ ਲੜਕੀ ਦੇ ਇਲਾਜ ਲਈ ਬੁਲਾਇਆ ਸੀ।

ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਜਦੋਂ ਲੜਕੀ ਪਚਪੇੜਵਾ ਦੇ ਵਿਮਲਾ ਵਿਕਰਮ ਕਾਲਜ 'ਚ ਦਾਖ਼ਲਾ ਕਰਵਾ ਕੇ ਪਰਤ ਰਹੀ ਸੀ ਤਾਂ ਪਿੰਡ ਦੇ ਹੀ 5 ਤੋਂ 6 ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਪਿੰਡ ਦੇ ਹੀ ਇੱਕ ਘਰ 'ਚ ਲਿਜਾ ਕੇ ਗੈਂਗਰੇਪ ਕੀਤਾ। ਜਿਸ ਰਿਕਸ਼ੇ 'ਤੇ ਮੁਟਿਆਰ ਨੂੰ ਘਰ ਪਹੁੰਚਾਇਆ ਗਿਆ, ਉਸ 'ਤੇ ਖੂਨ ਦੇ ਧੱਬੇ ਅਤੇ ਰਸਤੇ 'ਚ ਉਸ ਦੀ ਜੁੱਤੀ ਵੀ ਪਾਈ ਗਈ ਹੈ। 

ਮਾਮਲੇ ਦੀ ਗੰਭੀਰਤਾ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਯੁਕਤ ਜ਼ਿਲ੍ਹਾ ਹਸਪਤਾਲ ਸਥਿਤ ਪੋਸਟਮਾਰਟਮ ਹਾਊਸ 'ਚ ਕਰੀਬ 6 ਘੰਟੇ ਤੱਕ ਲੜਕੀ ਦਾ ਪੋਸਟਮਾਰਟਮ 4 ਡਾਕਟਰਾਂ ਦੇ ਪੈਨਲ ਨੇ ਕੀਤਾ। ਦੇਰ ਸ਼ਾਮ ਲੜਕੀ ਦੀ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ। ਸੂਤਰਾਂ ਦੀ ਮੰਨੀਏ ਤਾਂ ਗੈਂਗਰੇਪ ਤੋਂ ਬਾਅਦ ਲੜਕੀ ਦੇ ਅੰਦਰੂਨੀ ਅਤੇ ਬਾਹਰੀ ਅੰਗਾਂ 'ਚ ਕਾਫ਼ੀ ਸੱਟਾਂ ਆਈਆਂ ਹਨ ਜਿਸ ਕਾਰਨ ਉਸਦੀ ਮੌਤ ਹੋਈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਥਰਸ ਦੇ ਚੰਦਪਾ ਖੇਤਰ 'ਚ ਇਕ ਦਲਿਤ ਕੁੜੀ 14 ਸਤੰਬਰ ਨੂੰ ਆਪਣੀ ਮਾਂ ਨਾਲ ਪਸ਼ੂਆਂ ਦਾ ਚਾਰਾ ਲੈਣ ਖੇਤਾਂ 'ਤੇ ਗਈ ਸੀ। ਉਦੋਂ ਪਿੰਡ ਦੇ ਕੁੱਝ ਨੌਜਵਾਨ ਆਏ ਅਤੇ ਉਸ ਨਾਲ ਰੇਪ ਕੀਤਾ। ਕੁੜੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। ਉਸ ਦੀ ਰੀੜ੍ਹ ਦੀ ਹੱਡੀ 'ਚ ਸੱਟ ਆਈ ਅਤੇ ਦਰਿੰਦਗੀ ਦੀਆਂ ਹੱਦ ਕਰਦੇ ਹੋਏ ਉਸ ਦੀ ਜੀਭ ਕੱਟ ਦਿੱਤੀ ਗਈ। ਪਹਿਲਾਂ ਅਲੀਗੜ 'ਚ ਉਸਦਾ ਇਲਾਜ ਹੋਇਆ ਅਤੇ ਫਿਰ ਗੰਭੀਰ  ਹਾਲਤ 'ਚ ਕੁੜੀ ਦਾ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਜਿੱਥੇ 29 ਸਤੰਬਰ, ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ।


Inder Prajapati

Content Editor

Related News