ਹੋਰ ਤੇਜ਼ ਹੋਵੇਗਾ ਕਿਸਾਨ ਅੰਦੋਲਨ, ਸੰਯੁਕਤ ਕਿਸਾਨ ਮੋਰਚੇ ਨੇ ਲਏ ਅਹਿਮ ਫ਼ੈਸਲੇ
Wednesday, Feb 10, 2021 - 08:05 PM (IST)
ਨਵੀਂ ਦਿੱਲੀ- ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਵੱਖ-ਵੱਖ ਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕਿਸਾਨ ਵੱਡੀ ਗਿਣਤੀ ’ਚ ਅੰਦੋਲਨ ਵਿਚ ਪਹੁੰਚ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਤੇ ਹਾਲੀਵੁੱਡ ਦੇ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ਲਈ ਅੱਗੇ ਆ ਰਹੇ ਹਨ।
ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ : ਰੂਟ ਤੇ ਐਂਡਰਸਨ ਤੀਜੇ ਨੰਬਰ ’ਤੇ, ਵਿਰਾਟ 5ਵੇਂ ਸਥਾਨ ’ਤੇ ਖਿਸਕਿਆ
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਅੰਦੋਲਨ ਨੂੰ ਤੇਜ਼ ਕਰਨ ਲਈ ਇਹ ਵੱਡੇ ਅਹਿਮ ਫ਼ੈਸਲੇ ਲਏ ਗਏ ਹਨ।
1. 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਰੋਡ ਟੋਲ ਪਲਾਜ਼ਾ ਨੂੰ ਟੋਲ ਮੁਕਤ ਕਰਵਾਇਆ ਜਾਵੇਗਾ।
2. 14 ਫਰਵਰੀ ਨੂੰ ਪੁਲਵਾਮਾ ਹਮਲੇ ’ਚ ਸ਼ਹੀਦ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਪੂਰੇ ਦੇਸ਼ ’ਚ ਕੈਂਡਲ ਮਾਰਚ ਅਤੇ ਮਸ਼ਾਲ ਯਾਤਰਾ ਤੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
3. 16 ਫਰਵਰੀ ਨੂੰ ਕਿਸਾਨ ਮਸੀਹਾ ਸਰ ਛੋਟੂਰਾਮ ਦੇ ਜਨਮ ਦਿਨ ’ਤੇ ਪੂਰੇ ਦੇਸ਼ ’ਚ ਕਿਸਾਨ ਇੱਕਜੁਟਤਾ ਵਿਖਾਉਣਗੇ।
4. 18 ਫਰਵਰੀ ਨੂੰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਦੇਸ਼ ’ਚ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਉਨ੍ਹਾਂ ਨੂੰ ਅੰਦੋਲਨ ਦਾ ਸਹਾਰਾ ਲੈਣਾ ਪੈ ਰਿਹਾ ਹੈ। ਬੁੱਧਵਾਰ ਦੁਪਹਿਰ ਵੇਲੇ ਲੰਬੇ ਸਮੇਂ ਪਿੱਛੇ ਕੁੰਡਲੀ ਦੀ ਹੱਦ 'ਤੇ ਸਾਂਝੇ ਕਿਸਾਨ ਮੋਰਚੇ ਦੀ ਬੈਠਕ ਹੋਈ। ਇਸ ਵਿਚ ਲਗਭਗ ਸਭ ਜੱਥੇਬੰਦੀਆਂ ਅਤੇ ਸੰਗਠਨਾਂ ਨੇ ਹਿੱਸਾ ਲਿਆ। ਕਈ ਘੰਟੇ ਚੱਲੀ ਬੈਠਕ ਪਿੱਛੋਂ ਕਿਸਾਨਾਂ ਨੇ ਚਾਰ ਨਵੇਂ ਅੰਦੋਲਨ ਅਗਲੇ ਪੜਾਅ ਲਈ ਪ੍ਰਸਤਾਵਿਤ ਕੀਤੇ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਫੈਸਲਾ 18 ਫਰਵਰੀ ਨੂੰ ਬਾਅਦ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰੇ ਦੇਸ਼ ਵਿਚ ਰੇਲ ਗੱਡੀਆਂ ਦਾ ਚੱਕਾ ਜਾਮ ਕਰਨ ਦਾ ਹੈ।
ਕਿਸਾਨਾਂ ਨੇ ਸਭ ਆਗੂਆਂ ਅਤੇ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਰੇਲ ਰੋਕੋ ਅੰਦੋਲਨ ਕਰਨ। ਕਿਸਾਨ ਨੇਤਾ ਡਾਕਟਰ ਦਰਸ਼ਨ ਪਾਲ, ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਜਗਜੀਤ ਸਿੰਘ ਡੱਲੇਵਾਲ ਅਤੇ ਯੁੱਧਵੀਰ ਸਿੰਘ ਨੇ ਦੱਸਿਆ ਕਿ ਕਿਸਾਨ ਸੰਗਠਨਾਂ ਨੂੰ ਵਿਸ਼ੇਸ਼ ਤੌਰ 'ਤੇ ਹਦਾਇਤ ਕੀਤੀ ਗਈ ਹੈ ਕਿ ਚੱਕਾ ਜਾਮ ਦੌਰਾਨ ਸ਼ਾਂਤੀ ਬਣਾਈ ਰੱਖੀ ਜਾਵੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।