ਭਾਰਤ ਦੀ ਵਿਕਾਸ ਦਰ ਰਹੇਗੀ 7 ਫੀਸਦੀ! IMF ਨੇ ਅੰਕੜੇ ਜਾਰੀ ਕਰ ਕੇ ਕਹੀ ਇਹ ਗੱਲ
Wednesday, Jul 17, 2024 - 12:51 AM (IST)
ਨਵੀਂ ਦਿੱਲੀ : ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਇੱਕ ਨਵਾਂ ਗਲੋਬਲ ਆਰਥਿਕ ਆਊਟਲੁੱਕ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਵਿਚ IMF ਨੇ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਆਪਣੇ ਵਿਕਾਸ ਦਰ ਦੇ ਅਨੁਮਾਨਾਂ ਨੂੰ ਸੰਸ਼ੋਧਿਤ ਕੀਤਾ ਹੈ।
ਅਨੁਮਾਨਾਂ ਵਿੱਚ ਵਾਧੇ ਦਾ ਕਾਰਨ ਏਸ਼ੀਆ ਵਿੱਚ ਮਜ਼ਬੂਤ ਆਰਥਿਕ ਗਤੀਵਿਧੀਆਂ ਨੂੰ ਮੰਨਿਆ ਗਿਆ ਹੈ। IMF ਦੇ ਇੱਕ ਅਪਡੇਟ ਵਿੱਚ ਇਸ ਸਾਲ ਲਈ ਭਾਰਤ ਦੇ ਵਿਕਾਸ ਅੰਦਾਜੇ ਨੂੰ 7.0 ਫੀਸਦੀ ਤਕ ਕਰ ਦਿੱਤਾ ਗਿਆ ਹੈ। IMF ਨੇ ਭਾਰਤ ਦੀ ਵਿਕਾਸ ਦਰ ਦੇ ਅੰਦਾਜੇ ਵਿੱਚ 20 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। IMF ਅਪਡੇਟ ਨਿੱਜੀ ਖਪਤ ਲਈ ਬਿਹਤਰ ਸੰਭਾਵਨਾਵਾਂ ਵੱਲ ਇਸ਼ਾਰਾ ਕਰਦਾ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ। ਅਪਡੇਟ ਮੁਤਾਬਕ 2023 'ਚ ਭਾਰਤ ਦੀ ਵਿਕਾਸ ਦਰ 8.2 ਫੀਸਦੀ ਸੀ। 2024 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7.0 ਫੀਸਦੀ ਕਰ ਦਿੱਤਾ ਗਿਆ ਹੈ। 2025 ਵਿੱਚ ਭਾਰਤ ਦੀ ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ।
IMF ਦੇ ਅਨੁਸਾਰ, ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਵਿੱਤੀ ਸਾਲ 26 ਵਿੱਚ 6.5 ਫੀਸਦੀ ਤੱਕ ਘੱਟ ਸਕਦੀ ਹੈ। ਅਪ੍ਰੈਲ ਵਿੱਚ ਜਾਰੀ ਵਿਸ਼ਵ ਆਰਥਿਕ ਆਉਟਲੁੱਕ (WEO) ਵਿਚ ਵੀ ਇਹੀ ਅੰਦਾਜ਼ਾ ਲਗਾਇਆ ਗਿਆ ਸੀ। ਆਈਐੱਮਐੱਫ ਨੇ WEO ਨੂੰ ਇੱਕ ਅਪਡੇਟ ਵਿਚ ਕਿਹਾ ਕਿ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵੀ ਇਸ ਸਾਲ 7.0 ਫੀਸਦੀ ਕਰ ਦਿੱਤਾ ਗਿਆ ਹੈ।
ਨੈਸ਼ਨਲ ਸਟੈਟਿਸਟੀਕਲ ਆਫਿਸ ਦੁਆਰਾ ਜਾਰੀ ਕੀਤੇ ਗਏ ਅਸਥਾਈ ਅਨੁਮਾਨਾਂ ਦੇ ਅਨੁਸਾਰ, ਵਿੱਤੀ ਸਾਲ 24 ਵਿੱਚ ਜੀਡੀਪੀ ਦਾ ਵਿਸਤਾਰ 8.2 ਫੀਸਦੀ ਰਿਹਾ, ਜੋ ਕਿ ਵਿੱਤੀ ਸਾਲ 23 ਵਿੱਚ ਦਰਜ ਕੀਤੇ ਗਏ 7 ਫੀਸਦੀ ਤੋਂ ਵੱਧ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਨੁਮਾਨ ਲਗਾਇਆ ਹੈ ਕਿ ਵਿੱਤੀ ਸਾਲ 2025 ਵਿੱਚ ਅਰਥਵਿਵਸਥਾ 7.2 ਫੀਸਦੀ ਦੀ ਦਰ ਨਾਲ ਵਧੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਆਪਣੀ ਵਿਕਾਸ ਚਾਲ ਵਿਚ "ਵੱਡੀ ਢਾਂਚਾਗਤ ਤਬਦੀਲੀ" ਦੀ ਦਹਿਲੀਜ਼ 'ਤੇ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ਉਸ ਰਾਹ ਵੱਲ ਵਧ ਰਿਹਾ ਹੈ ਜਿੱਥੇ ਅੱਠ ਫੀਸਦੀ ਦੀ ਸਾਲਾਨਾ ਜੀਡੀਪੀ ਵਿਕਾਸ ਦਰ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ।