ਮੀਂਹ ਨਾਲ ਪੈਣਗੇ ਗੜੇ, IMD ਨੇ 9 ਜ਼ਿਲ੍ਹਿਆਂ ''ਚ ਜਾਰੀ ਕੀਤਾ ਅਲਰਟ
Saturday, Feb 01, 2025 - 11:01 AM (IST)
ਹਰਿਆਣਾ ਡੈਸਕ- ਹਰਿਆਣਾ ਵਿਚ ਮੌਸਮ ਬਦਲ ਗਿਆ ਹੈ। ਵਿਭਾਗ ਨੇ ਅੱਜ ਤੋਂ 5 ਫਰਵਰੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਇਲਾਕਿਆਂ ਜਿਵੇਂ ਕਿ ਸਿਰਸਾ, ਫਤਿਹਾਬਾਦ, ਜੀਂਦ, ਕੈਥਲ, ਹਿਸਾਰ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਗੜੇ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਧੁੰਦ ਵੀ ਛਾਈ ਰਹੇਗੀ।
ਮੌਸਮ ਮਾਹਿਰਾਂ ਮੁਤਾਬਕ ਇਕ ਕਮਜ਼ੋਰ ਪੱਛਮੀ ਗੜਬੜੀ ਉੱਤਰੀ ਪਹਾੜੀ ਖੇਤਰਾਂ ਵਿਚ ਪਹੁੰਚ ਗਈ ਹੈ। ਇਸ ਦੇ ਪ੍ਰਭਾਵ ਕਾਰਨ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਉੱਤਰੀ ਪਹਾੜੀ ਖੇਤਰਾਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਅੱਜ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿਚ 40-50 ਫੀਸਦੀ ਮੀਂਹ ਦੇ ਨਾਲ-ਨਾਲ ਗੜੇਮਾਰੀ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਸੂਬੇ 'ਚ 5 ਫਰਵਰੀ ਤੱਕ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਲਗਾਤਾਰ 2 ਪੱਛਮੀ ਗੜਬੜੀਆਂ ਦੇ ਅੰਸ਼ਿਕ ਪ੍ਰਭਾਵ ਕਾਰਨ ਸੂਬੇ ਦੇ ਮੌਸਮ ਵਿਚ ਬਦਲਾਅ ਦੀ ਸੰਭਾਵਨਾ ਹੈ।