ਬੰਦ ਘਰ ''ਚ ਬਣ ਰਹੇ ਸਨ ਨਾਜਾਇਜ਼ ਪਟਾਕੇ, 2 ਲੋਕਾਂ ਦੀ ਮੌਤ
Monday, Oct 07, 2024 - 05:23 PM (IST)
ਗੋਂਡਾ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ 'ਚ ਸੋਮਵਾਰ ਦੁਪਹਿਰ ਨੂੰ ਇਕ ਬੰਦ ਘਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਂਦੇ ਸਮੇਂ ਧਮਾਕਾ ਹੋ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਵਿਨੀਤ ਜੈਸਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਤਰਾਬਗੰਜ ਥਾਣਾ ਖੇਤਰ ਦੇ ਰਗੜਗੰਜ ਪਿੰਡ 'ਚ ਅੱਜ ਦੁਪਹਿਰ ਪਿੰਡ ਦੇ ਕੁਝ ਲੋਕ ਮੁਹੰਮਦ ਫਾਰੂਕ ਦੇ ਬੰਦ ਘਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਟਾਕੇ ਬਣਾਉਂਦੇ ਸਮੇਂ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਇਸ਼ਤਿਆਕ (40), ਅਯਾਸ (17), ਕ੍ਰਿਸ਼ਨ ਕੁਮਾਰ (24), ਆਕਾਸ਼ (15) ਅਤੇ ਲੱਲੂ (30) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਬੇਲਸਰ ਲਿਜਾਇਆ ਗਿਆ, ਜਿੱਥੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਾਕੀ ਜ਼ਖਮੀਆਂ ਨੂੰ ਇਲਾਜ ਲਈ ਸਟੇਟ ਮੈਡੀਕਲ ਕਾਲਜ ਭੇਜਿਆ ਗਿਆ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਕਾਸ਼ ਅਤੇ ਲੱਲੂ ਵਜੋਂ ਹੋਈ ਹੈ।
ਹਸਪਤਾਲ 'ਚ ਮੌਜੂਦ ਡਾਕਟਰ ਦੀਪਕ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ 60 ਫੀਸਦੀ ਤੋਂ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਲਖਨਊ ਭੇਜਿਆ ਗਿਆ ਹੈ। ਚਸ਼ਮਦੀਦਾਂ ਅਨੁਸਾਰ ਜਿਸ ਵਿਅਕਤੀ ਦੇ ਘਰ ਧਮਾਕਾ ਹੋਇਆ ਹੈ, ਉਹ ਜਲੰਧਰ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਪਿੰਡ ਦੇ ਕੁਝ ਲੋਕ ਉਸ ਦੇ ਖਾਲੀ ਪਏ ਘਰ ਵਿਚ ਦੀਵਾਲੀ ਲਈ ਪਟਾਕੇ ਬਣਾ ਰਹੇ ਸਨ, ਜਿਸ ਵਿਚ ਅਚਾਨਕ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਕੰਧ ਢਹਿ ਗਈ ਅਤੇ ਆਲੇ-ਦੁਆਲੇ ਦੇ ਘਰਾਂ ਵਿਚ ਵੀ ਤਰੇੜਾਂ ਆ ਗਈਆਂ।
ਧਮਾਕੇ 'ਚ ਜ਼ਖਮੀ ਲੋਕਾਂ ਦੇ ਹੱਥਾਂ-ਪੈਰਾਂ ਦੇ ਚਿੱਥੜੇ ਉੱਡ ਗਏ। ਮੌਕੇ 'ਤੇ ਮੌਜੂਦ ਜੈਸਵਾਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀ ਡੌਗ ਸਕੁਐਡ ਅਤੇ ਫੀਲਡ ਯੂਨਿਟ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।