IIT ਨੇ ਫ਼ੌਜੀਆਂ ਲਈ ਬਣਾਏ ਖ਼ਾਸ ਬੂਟ, ਹਰ ਕਦਮ ਨਾਲ ਬਣੇਗੀ ਬਿਜਲੀ
Tuesday, Aug 06, 2024 - 02:52 PM (IST)
ਇੰਦੌਰ (ਭਾਸ਼ਾ)- ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਇੰਦੌਰ ਨੇ ਨਵੀਂ ਤਕਨੀਕ ਨਾਲ ਫ਼ੌਜੀਆਂ ਲਈ ਵਿਸ਼ੇਸ਼ ਬੂਟ ਤਿਆਰ ਕੀਤੇ ਹਨ। ਇਨ੍ਹਾਂ ਬੂਟਾਂ ਨੂੰ ਪਹਿਨ ਕੇ ਪੈਦਲ ਚੱਲਣ ਨਾਲ ਨਾ ਸਿਰਫ਼ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਸਗੋਂ ਅਸਲ ਸਮੇਂ ਵਿਚ ਫੌਜੀ ਕਰਮਚਾਰੀਆਂ ਦੀ ਲੋਕੇਸ਼ਨ ਦਾ ਪਤਾ ਵੀ ਲਗਾਇਆ ਜਾ ਸਕਦਾ ਹੈ। ਆਈ.ਆਈ.ਟੀ. ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਆਈ.ਆਈ.ਟੀ. ਇੰਦੌਰ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੂੰ ਅਜਿਹੇ ਬੂਟਾਂ ਦੀਆਂ 10 ਜੋੜਿਆਂ ਦੀ ਪਹਿਲੀ ਖੇਪ ਵੀ ਪ੍ਰਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਬੂਟ ਆਈ.ਆਈ.ਟੀ. ਇੰਦੌਰ ਦੇ ਪ੍ਰੋਫੈਸਰ ਆਈਏ ਪਲਾਨੀ ਦੀ ਅਗਵਾਈ 'ਚ ਤਿਆਰ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੂਟ ਟ੍ਰਾਈਬੋ-ਇਲੈਕਟ੍ਰਿਕ ਨੈਨੋਜਨਰੇਟਰ (TENG) ਤਕਨੀਕ ਨਾਲ ਬਣਾਏ ਗਏ ਹਨ, ਜਿਸ ਕਾਰਨ ਇਨ੍ਹਾਂ ਨੂੰ ਪਹਿਨਣ ਸਮੇਂ ਚੁੱਕੇ ਗਏ ਹਰ ਕਦਮ ਨਾਲ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਨੂੰ ਬੂਟਾਂ ਦੀਆਂ ਤਲੀਆਂ 'ਚ ਲਗਾਏ ਗਏ ਇਕ ਯੰਤਰ 'ਚ ਸਟੋਰ ਕੀਤਾ ਜਾਵੇਗਾ ਜਿਸ ਰਾਹੀਂ ਛੋਟੇ-ਛੋਟੇ ਉਪਕਰਨਾਂ ਨੂੰ ਚਲਾਇਆ ਜਾ ਸਕੇਗਾ।
ਅਧਿਕਾਰੀਆਂ ਨੇ ਦੱਸਿਆ ਕਿ 'ਗਲੋਬਲ ਪੋਜ਼ੀਸ਼ਨਿੰਗ ਸਿਸਟਮ' (ਜੀਪੀਐੱਸ) ਅਤੇ 'ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ' (ਆਰ.ਐੱਫ.ਆਈ.ਡੀ.) ਤਕਨੀਕਾਂ ਨਾਲ ਲੈੱਸ ਜੁੱਤੀਆਂ ਦੀ ਮਦਦ ਨਾਲ ਅਸਲ ਸਮੇਂ 'ਚ ਫ਼ੌਜੀ ਜਵਾਨਾਂ ਦੀ ਸਥਿਤੀ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਆਈ.ਆਈ.ਟੀ. ਇੰਦੌਰ ਦੇ ਡਾਇਰੈਕਟਰ, ਪ੍ਰੋਫੈਸਰ ਸੁਹਾਸ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਬੂਟਾਂ ਦੀਆਂ ਨਵੀਨਤਾਕਾਰੀ ਵਿਸ਼ੇਸ਼ਤਾਵਾਂ ਫੌਜੀ ਕਰਮਚਾਰੀਆਂ ਦੀ ਸੁਰੱਖਿਆ, ਤਾਲਮੇਲ ਅਤੇ ਕੁਸ਼ਲਤਾ ਨੂੰ ਮਜ਼ਬੂਤ ਕਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਟੇਂਗ ਤਕਨੀਕ ਨਾਲ ਲੈੱਸ ਬੂਟਾਂ ਦੀ ਵਰਤੋਂ ਅਲਜ਼ਾਈਮਰ ਤੋਂ ਪੀੜਤ ਬਜ਼ੁਰਗਾਂ, ਸਕੂਲ ਜਾਣ ਵਾਲੇ ਬੱਚਿਆਂ ਅਤੇ ਪਰਬਤਾਰੋਹੀਆਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਬੂਟ ਫੈਕਟਰੀਆਂ 'ਚ ਮਜ਼ਦੂਰਾਂ ਦੀ ਹਾਜ਼ਰੀ ਅਤੇ ਉਨ੍ਹਾਂ ਦੇ ਕੰਮ ਦੀ ਨਿਗਰਾਨੀ ਕਰਨ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਟਾਂ ਦੀ ਮਦਦ ਨਾਲ ਖਿਡਾਰੀਆਂ ਦੇ ਪੈਰਾਂ ਦੀ ਹਿਲਜੁਲ ਦਾ ਸਹੀ ਵਿਸ਼ਲੇਸ਼ਣ ਵੀ ਕੀਤਾ ਜਾ ਸਕਦਾ ਹੈ ਤਾਂ ਜੋ ਬਿਹਤਰ ਸਿਖਲਾਈ ਦੇ ਕੇ ਉਨ੍ਹਾਂ ਦੀ ਕਾਰਗੁਜ਼ਾਰੀ 'ਚ ਸੁਧਾਰ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8