ਲਾਲੂ ਦੇ ਪੁੱਤ ਦੀ ਸਰਕਾਰ ਬਣੀ ਤਾਂ ਕਤਲ, ਅਗਵਾ ਤੇ ਜਬਰੀ ਵਸੂਲੀ ਦੇ ਤਿੰਨ ਨਵੇਂ ਮੰਤਰਾਲੇ ਹੋਣਗੇ : ਸ਼ਾਹ
Sunday, Nov 02, 2025 - 10:43 PM (IST)
ਮੁਜ਼ੱਫਰਪੁਰ (ਬਿਹਾਰ) -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤ ਸੱਤਾ ’ਚ ਆਉਂਦਾ ਹੈ ਤਾਂ ਬਿਹਾਰ ’ਚ ‘ਕਤਲ, ਅਗਵਾ ਅਤੇ ਜਬਰੀ ਵਸੂਲੀ’ ਲਈ ਤਿੰਨ ਨਵੇਂ ਮੰਤਰਾਲੇ ਬਣਾਏ ਜਾਣਗੇ।
ਮੁਜ਼ੱਫਰਪੁਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਜੇਕਰ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਸਰਕਾਰ ਸੱਤਾ ’ਚ ਰਹਿੰਦੀ ਹੈ ਤਾਂ ਬਿਹਾਰ ਨੂੰ ਹੜ੍ਹ ਮੁਕਤ ਬਣਾਇਆ ਜਾਵੇਗਾ ਅਤੇ ਇਸ ਮੰਤਵ ਲਈ ਇਕ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ।
ਉਨ੍ਹਾਂ ਨੇ ਜਨਤਾ ਨੂੰ ‘ਆਰ. ਜੇ. ਡੀ. ਸ਼ਾਸਨ ਦੌਰਾਨ ਦੇਖੇ ਗਏ ਜੰਗਲਰਾਜ ਦੇ ਦੁਹਰਾਉਣ’ ਨੂੰ ਰੋਕਣ ਲਈ ਐੱਨ. ਡੀ. ਏ. ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਸ਼ਾਹ ਨੇ ਕਿਹਾ, ‘‘ਜੇਕਰ ਲਾਲੂ ਜੀ ਦਾ ਪੁੱਤ (ਤੇਜਸਵੀ ਯਾਦਵ) ਮੁੱਖ ਮੰਤਰੀ ਬਣਦਾ ਹੈ ਤਾਂ ਬਿਹਾਰ ’ਚ ਤਿੰਨ ਨਵੇਂ ਮੰਤਰਾਲੇ ਬਣਾਏ ਜਾਣਗੇ - ਇਕ ਕਤਲ ਲਈ, ਦੂਜਾ ਅਗਵਾ ਅਤੇ ਤੀਜਾ ਜਬਰੀ ਵਸੂਲੀ ਲਈ। ਤੁਹਾਡੀਆਂ ਵੋਟਾਂ ਬਿਹਾਰ ਨੂੰ ਜੰਗਲਰਾਜ ਵਿਚ ਵਾਪਸ ਆਉਣ ਤੋਂ ਬਚਾਅ ਲੈਣਗੀਆਂ। ਨਵੇਂ ਚਿਹਰਿਆਂ ਨਾਲ ਜੰਗਲਰਾਜ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’
ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਨੇਤਾ ਸੋਨੀਆ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ, ‘‘ਦੋਵੇਂ ਆਪਣੇ ਪੁੱਤਰਾਂ ਨੂੰ ਬਿਹਾਰ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ, ਜਦ ਕਿ ਦੋਵੇਂ ਅਹੁਦੇ ਖਾਲੀ ਨਹੀਂ ਹਨ।’’ ਸ਼ਾਹ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਸੁਰੱਖਿਅਤ, ਖੁਸ਼ਹਾਲ ਅਤੇ ਮਜ਼ਬੂਤ ਬਣਾਇਆ ਹੈ ਅਤੇ ਕਈ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।’’ ਵੈਸ਼ਾਲੀ ਵਿਚ ਇਕ ਹੋਰ ਰੈਲੀ ’ਚ ਸ਼ਾਹ ਨੇ ਕਿਹਾ, ‘‘ਆਰ. ਜੇ. ਡੀ. ਦੇ ਸ਼ਾਸਨ ਦੌਰਾਨ ਅਗਵਾ, ਕਤਲ ਅਤੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਸਨ। ਵੋਟਰਾਂ ਨੂੰ ਇਸ ਵਾਰ ਉਸ ਯੁੱਗ ਦੀ ਵਾਪਸੀ ਨੂੰ ਰੋਕਣ ਲਈ ਸਾਨੂੰ ਵੋਟ ਪਾਉਣੀ ਚਾਹੀਦੀ ਹੈ।’’
