ਫੌਜ ਤੇ ਨਕਸਲੀਆਂ ਵਿਚਕਾਰ ਹੋਈ ਮੁਠਭੇੜ, IED ਧਮਾਕੇ ਦੌਰਾਨ 7 ਜਵਾਨ ਜ਼ਖਮੀ

Thursday, Nov 16, 2017 - 09:14 PM (IST)

ਫੌਜ ਤੇ ਨਕਸਲੀਆਂ ਵਿਚਕਾਰ ਹੋਈ ਮੁਠਭੇੜ, IED ਧਮਾਕੇ ਦੌਰਾਨ 7 ਜਵਾਨ ਜ਼ਖਮੀ

ਛੱਤੀਸਗੜ੍ਹ — ਛੱਤੀਸਗੜ੍ਹ ਦੇ ਬਲਰਾਮਪੁਰ 'ਚ ਨਕਸਲੀਆਂ ਨਾਲ ਹੋਈ ਮੁਠਭੇੜ 'ਚ 7 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਇਹ ਮੁਠਭੇੜ ਝਾਰਖੰਡ ਦੀ ਸਰਹੱਦ ਨੇੜੇ ਪੀਪਰਢਾਬਾ ਪਿੰਡ 'ਚ ਹੋਈ। ਮਿਲੀ ਜਾਣਕਾਰੀ ਮੁਤਾਬਕ ਸੀ. ਆਰ. ਪੀ. ਐੱਫ. ਅਤੇ ਝਾਰਖੰਡ ਪੁਲਸ ਦੀ ਇਕ ਸੰਯੁਕਤ ਟੀਮ ਵੀਰਵਾਰ ਨੂੰ ਪੀਪਰਢਾਬਾ ਪਿੰਡ ਨੇੜਿਓ ਲੰਘ ਰਹੀ ਸੀ ਤਦ ਹੀ ਨਕਸਲੀਆਂ ਨੇ (ਇਮਪਰੋਵਾਈਜ਼ਡ ਵਿਸਫੋਟਕ ਯੰਤਰ) ਆਈ. ਈ. ਡੀ. ਧਮਾਕਾ ਕਰ ਦਿੱਤਾ ਅਤੇ ਫਿਰ ਸੁਰੱਖਿਆ ਬਲਾਂ 'ਤੇ ਅਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਸੀ. ਆਰ. ਪੀ. ਐੱਫ. ਦੇ 5 ਜਵਾਨ ਅਤੇ ਝਾਰਖੰਡ ਪੁਲਸ ਦੇ 2 ਜਵਾਨ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਰਾਂਚੀ ਭੇਜਿਆ ਗਿਆ ਹੈ।
ਦੱਸ ਦਈਏ ਕਿ ਪੀਪਰਢਾਬਾ ਪਿੰਡ ਛੱਤੀਸਗੜ੍ਹ ਅਤੇ ਝਾਰਖੰਡ ਦੀ ਸਰਹੱਦ 'ਤੇ ਪੈਂਦਾ ਹੈ। ਵੀਰਵਾਰ ਨੂੰ ਸੀ. ਆਰ. ਪੀ. ਐੱਫ. ਅਤੇ ਝਾਰਖੰਡ ਪੁਲਸ ਦੀ ਸੰਯੁਕਤ ਟੀਮ ਇਕ ਬੀਮਾਰ ਜਵਾਨ ਸਾਥੀ ਨੂੰ ਲੈਣ ਜਾ ਰਹੀ ਸੀ ਤਦ ਹੀ ਪੀਪਰਢਾਬਾ ਪਿੰਡ 'ਚ ਉਨ੍ਹਾਂ ਦਾ ਨਕਸਲੀਆਂ ਨਾਲ ਸਾਹਮਣਾ ਹੋ ਗਿਆ। ਇਸ ਦੌਰਾਨ ਜ਼ਖਮੀ ਹੋਏ ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 


Related News