108 ਸਾਲ ਬਾਅਦ ਕਾਸ਼ੀ ਵਿਸ਼ਵਨਾਥ ਮੰਦਰ ’ਚ ਮੁੜ ਸਥਾਪਿਤ ਹੋਈ ਮਾਂ ਅੰਨਪੂਰਨਾ ਦੀ ਮੂਰਤੀ

Monday, Nov 15, 2021 - 01:49 PM (IST)

ਵਾਰਾਣਸੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕੈਨੇਡਾ ਤੋਂ 108 ਸਾਲ ਬਾਅਦ ਦੇਸ਼ ਵਾਪਸ ਲਿਆਂਦੀ ਗਈ ਮਾਂ ਅੰਨਪੂਰਨਾ ਦੀ ਮੂਰਤੀ ਦੀ ਐਤਵਾਰ ਨੂੰ ਇੱਥੇ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ’ਚ ਮੁੜ ਸਥਾਪਨਾ ਕਰਵਾਈ। ਲਗਭਗ ਅੱਧੇ ਘੰਟੇ ਤੱਕ ਚਲੀ ਪੂਜਾ ਦੌਰਾਨ ਰਾਜ ਦੇ ਸ਼ਹਿਰੀ ਵਿਕਾਸ ਮੰਤਰੀ ਆਸ਼ੂਤੋਸ਼ ਟੰਡਨ ਵੀ ਹਾਜ਼ਰ ਸਨ। ਮੰਦਰ ਦੇ ਪੁਜਾਰੀਆਂ ਨਾਲ ਯੋਗੀ ਨੇ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਕੰਮ ਸੰਪੰਨ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸੰਸਕ੍ਰਿਤਕ ਵਿਰਾਸਤ ਦੀ ਸੁਰੱਖਿਆ ਹਰ ਹਾਲ ’ਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਾਡੀ ਵਿਰਾਸਤ ਚੋਰੀ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਪਹਿਲੇ ਤਸਕਰੀ ਦੇ ਮਾਧਿਅਮ ਨਾਲ ਜਿਹੜੀਆਂ ਮੂਰਤੀਆਂ ਵਿਦੇਸ਼ਾਂ ’ਚ ਪਹੁੰਚਾਈਆਂ ਗਈਆਂ, ਅੱਜ ਉਨ੍ਹਾਂ ਮੂਰਤੀਆਂ ਨੂੰ ਲੱਭ-ਲੱਭ ਕੇ ਵਾਪਸ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਸਕੂਲ ਇਕ ਹਫ਼ਤੇ ਲਈ ਕੀਤੇ ਬੰਦ

ਉਨ੍ਹਾਂ ਨੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੰਦੇ ਹੋਏ ਕਿਹਾ,‘‘108 ਸਾਲ ਬਾਅਦ ਮਾਂ ਅੰਨਪੂਰਨਾ ਦੀ ਇਹ ਮੂਰਤੀ ਆਪਣੇ ਧਾਮ ਵਾਪਸ ਆਈ ਹੈ। ਇਸ ਦਾ ਪੂਰਾ ਸਿਹਰਾ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਜੀ ਨੂੰ ਜਾਂਦਾ ਹੈ।’’ ਯੋਗੀ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਅਮਰੀਕਾ ਦੌਰੇ ’ਤੇ ਗਏ ਸਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ 156 ਮੂਰਤੀਆਂ ਵਾਪਸ ਲਿਆਂਦੀਆਂ ਗਈਆਂ ਹਨ। ਦੱਸਣਯੋਗ ਹੈ ਕਿ 108 ਸਾਲ ਪਹਿਲਾਂ ਵਾਰਾਣਸੀ ਤੋਂ ਮਾਂ ਅੰਨਪੂਰਨਾ ਦੀ ਪ੍ਰਾਚੀਨ ਮੂਰਤੀ ਚੋਰੀ ਹੋ ਗਈ ਸੀ। ਕਾਲਾਂਤਰ ’ਚ ਮੂਰਤੀ ਤਸਕਰਾਂ ਵਲੋਂ ਇਸ ਨੂੰ ਕੈਨੇਡਾ ਭੇਜ ਦਿੱਤਾ ਗਿਆ। ਭਾਰਤ ਤੋਂ ਵਿਦੇਸ਼ਾਂ ’ਚ ਲਿਜਾਈਆਂ ਗਈਆਂ ਵਿਰਾਸਤ ਵਸਤੂਆਂ ਦੀ ਵਾਪਸੀ ਦੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮਾਂ ਅੰਨਪੂਰਨਾ ਦੀ ਮੂਰਤੀ ਨੂੰ ਦੇਸ਼ ਵਾਪਸ ਲਿਆ ਕੇ 11 ਨਵੰਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪਿਆ ਗਿਆ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News