IAS ਪੂਜਾ ਖੇਡਕਰ ਦੀਆਂ ਵਧੀਆਂ ਮੁਸ਼ਕਲਾਂ, ਗੈਰ-ਕਾਨੂੰਨੀ ਕਬਜ਼ੇ ''ਤੇ ਨਗਰ ਨਿਗਮ ਨੇ ਭੇਜਿਆ ਨੋਟਿਸ
Sunday, Jul 14, 2024 - 11:47 AM (IST)
ਪੁਣੇ (ਭਾਸ਼ਾ)- ਪੁਣੇ ਨਗਰ ਨਿਗਮ ਨੇ ਵਿਵਾਦਾਂ 'ਚ ਘਿਰੀ ਪ੍ਰੋਬੇਸ਼ਨਰੀ ਆਈ.ਏ.ਐੱਸ. ਅਧਿਕਾਰੀ ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਉਨ੍ਹਾਂ ਦੇ ਬੰਗਲੇ ਦੀ ਚਾਰਦੀਵਾਰੀ ਦੇ ਕੋਲ ਬਣੇ 'ਅਣਅਧਿਕਾਰਤ ਢਾਂਚੇ' ਨੂੰ ਹਟਾਉਣ ਦਾ ਸ਼ਨੀਵਾਰ ਨੂੰ ਨਿਰਦੇਸ਼ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਆਈ.ਏ.ਐੱਸ. ਸਿਖਿਆਰਥੀ ਪੂਜਾ ਦੇ ਮਾਤਾ-ਪਿਤਾ ਮਨੋਰਮਾ ਅਤੇ ਦਿਲੀਪ ਖੇਡਕਰ ਅਤੇ ਪੰਜ ਹੋਰਾਂ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕੀਤੀ ਹੈ। ਕੁਝ ਦਿਨ ਪਹਿਲਾਂ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ 'ਚ ਮਨੋਰਮਾ ਜ਼ਮੀਨੀ ਵਿਵਾਦ ਨੂੰ ਲੈ ਕੇ ਕਥਿਤ ਤੌਰ 'ਤੇ ਕੁਝ ਲੋਕਾਂ ਨੂੰ ਬੰਦੂਕ ਨਾਲ ਧਮਕਾਉਂਦੀ ਨਜ਼ਰ ਆ ਰਹੀ ਸੀ। ਖੇਡਕਰ ਸਾਲ 2023 ਬੈਚ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀ, ਪ੍ਰੋਬੇਸ਼ਨ 'ਤੇ ਹੈ ਅਤੇ ਵਰਤਮਾਨ ਵਿਚ ਆਪਣੇ ਹੋਮ ਕੈਡਰ ਮਹਾਰਾਸ਼ਟਰ 'ਚ ਤਾਇਨਾਤ ਹੈ। ਖੇਡਕਰ (34) 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾ 'ਚ ਸ਼ਾਮਲ ਹੋਣ ਲਈ ਸਰੀਰਕ ਦਿਵਿਆਂਗਤਾ ਸ਼੍ਰੇਣੀ ਅਤੇ ਹੋਰ ਪਿਛੜੀ ਸ਼੍ਰੇਣੀ (ਓ.ਬੀ.ਸੀ.) ਕੋਟੇ ਦੇ ਤਹਿਤ ਲਾਭਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।
ਸ਼ਨੀਵਾਰ ਸ਼ਾਮ ਨੂੰ ਪੁਣੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਬਨੇਰ ਰੋਡ 'ਤੇ ਸਥਿਤ 'ਓਮ ਦੀਪ' ਬੰਗਲੇ 'ਤੇ ਮਨੋਰਮਾ ਖੇਡਕਰ ਨੂੰ ਨੋਟਿਸ ਦੇਣ ਦੀ ਕੋਸ਼ਿਸ਼ ਕੀਤੀ ਪਰ ਘੰਟੀ ਵਜਾਉਣ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਬੰਗਲੇ ਦੇ ਮੁੱਖ ਗੇਟ 'ਤੇ ਨੋਟਿਸ ਚਿਪਕਾਇਆ। ਨੋਟਿਸ 'ਚ ਕਿਹਾ ਗਿਆ ਹੈ,“ਸਾਨੂੰ ਤੁਹਾਡੇ ਬੰਗਲੇ ਦੇ ਬਾਹਰ ਬਣੇ ਢਾਂਚੇ ਬਾਰੇ ਸ਼ਿਕਾਇਤ ਮਿਲੀ ਹੈ, ਜਿਸ ਕਾਰਨ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੈ। ਕਿਰਪਾ ਕਰਕੇ ਅਗਲੇ 7 ਦਿਨਾਂ 'ਚ ਬੰਗਲੇ ਦੀ ਚਾਰਦੀਵਾਰੀ ਦੇ ਨਾਲ ਲੱਗਦੇ ਅਣਅਧਿਕਾਰਤ ਢਾਂਚੇ ਨੂੰ ਹਟਾ ਦਿਓ।'' ਪੁਣੇ ਦਿਹਾਤੀ ਪੁਲਸ ਨੇ ਪੌਡ ਪੁਲਸ ਸਟੇਸ਼ਨ 'ਚ ਮਨੋਰਮਾ ਖੇਡਕਰ, ਦਿਲੀਪ ਖੇਡਕਰ ਅਤੇ ਪੰਜ ਹੋਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 323 ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ (ਬੇਈਮਾਨੀ ਜਾਂ ਧੋਖਾਧੜੀ ਦੇ ਤਰੀਕਿਆਂ ਨਾਲ ਜਾਇਦਾਦ ਹਾਸਲ ਕਰਨਾ) ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। 2 ਮਿੰਟ ਦੀ ਵੀਡੀਓ 'ਚ ਮਨੋਰਮਾ ਖੇਦਕਰ ਆਪਣੇ ਸੁਰੱਖਿਆ ਗਾਰਡ ਦੇ ਨਾਲ ਪੁਣੇ ਦੀ ਮੁਲਸ਼ੀ ਤਹਿਸੀਲ ਦੇ ਢਡਵਾਲੀ ਪਿੰਡ 'ਚ ਹੱਥ 'ਚ ਪਿਸਤੌਲ ਲੈ ਕੇ ਕੁਝ ਲੋਕਾਂ ਨਾਲ ਗਰਮਾ-ਗਰਮ ਬਹਿਸ ਕਰਦੇ ਨਜ਼ਰ ਆ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e