ਭਵਿੱਖ ਲਈ ਤਿਆਰ ਰਹਿਣ ਨੂੰ ਕਦਮ ਉਠਾ ਰਹੀ ਹਵਾਈ ਫ਼ੌਜ : ਰਾਸ਼ਟਰਪਤੀ ਮੁਰਮੂ
Monday, Jun 19, 2023 - 01:26 PM (IST)
ਹੈਦਰਾਬਾਦ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਸਮੁੱਚਾ ਸੁਰੱਖਿਆ ਦ੍ਰਿਸ਼ ਅਤੇ ਨੈੱਟਵਰਕ-ਕੇਂਦਰਿਤ ਭਵਿੱਖ ਦੀ ਜੰਗ ਦੌਰਾਨ ਇਕ ਉਚ ਤਕਨੀਕੀ ਜੰਗ ਲੜਣ ਦੀਆਂ ਚੁਣੌਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ੇਸ਼ ਰੂਪ ’ਚ ਭਵਿੱਖ ਲਈ ਤਿਆਰ ਰਹਿਣ ਲਈ ਕਦਮ ਉਠਾ ਰਹੀ ਹੈ।
ਮੁਰਮੂ ਨੇ ਡੁੰਡੀਗਲ ’ਚ ਹਵਾਈ ਫੌਜ ਅਕੈਡਮੀ (ਏ.ਐੱਫ.ਏ.) ’ਚ ਪੂਰੀ ਫੌਜੀ ਸ਼ਾਨ ਦੇ ਨਾਲ 211ਵੇਂ ਕੋਰਸ ਦੀ ਕਾਮਨ ਗ੍ਰੈਜ਼ੂਏਸ਼ਨ ਪ੍ਰੇਡ (ਸੀ. ਜੀ. ਪੀ.) ਦਾ ਨਿਰੀਖਣ ਕਰਨ ਤੋਂ ਬਾਅਦ ਕਿਹਾ, ‘‘ਭਾਰਤੀ ਹਵਾਈ ਫੌਜ ਦੇ ਬਹਾਦੁਰ ਯੋਧਿਆਂ ਨੇ 1948, 1965 ਅਤੇ 1971 ’ਚ ਹੋਈਆਂ ਜੰਗਾਂ ’ਚ ਦੁਸ਼ਮਨ ਗੁਆਂਢੀ ਦੇਸ਼ਾਂ ਤੋਂ ਰੱਖਿਆ ’ਚ ਜੋ ਵੀਰਤਾਪੂਰਣ ਭੂਮਿਕਾ ਨਿਭਾਈ ਹੈ, ਉਹ ਸੁਨਹਿਰੀ ਅੱਖਰਾਂ ’ਚ ਲਿਖੀ ਹੈ।’’ ਮੁਰਮੂ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਭਾਰਤੀ ਹਵਾਈ ਫੌਜ ਹੁਣ ਸਾਰੀਆਂ ਭੂਮਿਕਾਵਾਂ ਅਤੇ ਸ਼ਾਖਾਵਾਂ ’ਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਿਲ ਕਰ ਰਹੀ ਹੈ।’’ ਪ੍ਰੇਡ ਤੋਂ ਬਾਅਦ ਪਿਲਾਟਸ ਪੀ. ਸੀ.-7 ਟ੍ਰੇਨਰ ਏਅਰਕ੍ਰਾਫਟ ਵੱਲੋਂ ਐਰੋਬੈਟਿਕ ਪ੍ਰਦਰਸ਼ਨ, ਪੀ. ਸੀ.-7 ਦੇ ਫਾਰਮੇਸ਼ਨ ਵੱਲੋਂ ਫਲਾਈਪਾਸਟ, ਸੁਖੋਈ-30 ਵੱਲੋਂ ਐਰੋਬੈਟਿਕ ਸ਼ੋਅ ਅਤੇ ਹੈਲੀਕਾਪਟਰ ਡਿਸਪਲੇ ਟੀਮ ‘ਸਾਰੰਗ’ ਅਤੇ ਸੂਰਿਆ ਕਿਰਨ ਐਰੋਬੈਟਿਕ ਟੀਮ ਵੱਲੋਂ ਸਿੰਕਰੋਨਸ ਐਰੋਬੈਟਿਕ ਡਿਸਪਲੇ ਕੀਤਾ ਗਿਆ।