ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਕਦੇ ਵੀ ਸਵੀਕਾਰ ਨਹੀਂ ਕਰਾਂਗੀ : ਮਾਇਆਵਤੀ
Sunday, Mar 27, 2022 - 06:49 PM (IST)
ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਦੋਸ਼ ਲਾਇਆ ਕਿ ਭਾਜਪਾ ਅਤੇ ਆਰ. ਐੱਸ. ਐੱਸ. ਨੇ ਉਨ੍ਹਾਂ ਦੇ ਸਮਰਥਕਾਂ ਨੂੰ ਗੁੰਮਰਾਹ ਕਰਨ ਲਈ ਇਹ ਝੂਠਾ ਪ੍ਰਚਾਰ ਕੀਤਾ ਸੀ ਕਿ ਜੇਕਰ ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਭਾਜਪਾ ਨੂੰ ਜਿੱਤਣ ਦਿੱਤਾ ਗਿਆ ਤਾਂ ਭੈਣ ਜੀ ਨੂੰ ਰਾਸ਼ਟਰਪਤੀ ਬਣਾਇਆ ਜਾਵੇਗਾ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਪਾਰਟੀ ਵੱਲੋਂ ਅਜਿਹੀ ਪੇਸ਼ਕਸ਼ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ। ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਐਤਵਾਰ ਨੂੰ ਇਥੇ ਪਹਿਲੀ ਵਾਰ ਆਯੋਜਿਤ ਆਹੁਦੇਦਾਰਾਂ, ਮੁੁੱਖ ਕਾਰਕੁਨਾਂ ਤੇ ਸਾਬਕਾ ਉਮੀਦਵਾਰਾਂ ਦੀ ਸਮੀਖਿਆ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : ਵੱਡੇ ਬਾਦਲ ਦੇ ਗੜ੍ਹ ’ਚ ਸੰਨ੍ਹ ਲਾਉਣ ਵਾਲੇ ਖੁੱਡੀਆਂ ਨਾਲ ਵਿਸ਼ੇਸ਼ ਗੱਲਬਾਤ, ਦੱਸੀਆਂ ਦਿਲਚਸਪ ਗੱਲਾਂ (ਵੀਡੀਓ)
ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਨ੍ਹਾਂ ਚੋਣਾਂ ’ਚ ਬਸਪਾ ਨੂੰ ਕਮਜ਼ੋਰ ਕਰਨ ਲਈ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੰਮ ਕੀਤਾ। ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਕਾਰਨ ਦੱਸਦੇ ਹੋਏ ਕਿਹਾ, ‘‘ਭਾਜਪਾ ਨੇ ਆਪਣੇ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਰਾਹੀਂ ਸਾਡੇ ਲੋਕਾਂ ’ਚ ਗ਼ਲਤ ਪ੍ਰਚਾਰ ਕਰਵਾਇਆ ਕਿ ਯੂ. ਪੀ. ’ਚ ਬਸਪਾ ਦੀ ਸਰਕਾਰ ਨਾ ਬਣਨ ’ਤੇ ਅਸੀਂ ਤੁਹਾਡੀ ਭੈਣ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਵਾ ਦੇਵਾਂਗੇ, ਇਸ ਲਈ ਤੁਹਾਨੂੰ ਭਾਜਪਾ ਨੂੰ ਸੱਤਾ ’ਚ ਆਉਣ ਦੇਣਾ ਚਾਹੀਦਾ ਹੈ।’’
ਬਸਪਾ ਹੈੱਡਕੁਆਰਟਰ ਤੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਰਾਸ਼ਟਰਪਤੀ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਸੁਫ਼ਨੇ ’ਚ ਵੀ ਨਹੀਂ ਸੋਚ ਸਕਦੀ। ਬਸਪਾ ਮੁਖੀ ਨੇ ਕਿਹਾ ਕਿ ਇਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਬਹੁਤ ਪਹਿਲਾਂ ਹੀ ਕਾਂਸ਼ੀ ਰਾਮ ਨੇ ਉਨ੍ਹਾਂ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ ਤੇ ਮੈਂ ਤਾਂ ਉਨ੍ਹਾਂ ਦੇ ਪਦਚਿੰਨ੍ਹਾਂ ’ਤੇ ਚੱਲਣ ਵਾਲੀ ਉਨ੍ਹਾਂ ਦੀ ਮਜ਼ਬੂਤ ਸ਼ਿਸ਼ ਹਾਂ। ਉਨ੍ਹਾਂ ਕਿਹਾ ਕਿ ਜਦੋਂ ਕਾਂਸ਼ੀ ਰਾਮ ਨੇ ਇਹ ਅਹੁਦਾ ਸਵੀਕਾਰ ਨਹੀਂ ਕੀਤਾ ਤਾਂ ਉਹ ਇਹ ਅਹੁਦਾ ਕਿਵੇਂ ਸਵੀਕਾਰ ਕਰ ਸਕਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਆਪਣੀ ਪਾਰਟੀ ਤੇ ਅੰਦੋਲਨ ਦੇ ਹਿੱਤ ’ਚ ਕਦੇ ਵੀ ਭਾਜਪਾ ਜਾਂ ਕਿਸੇ ਹੋਰ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦਾ ਸਵੀਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ‘‘ਹੁਣ ਮੇਰੀ ਜ਼ਿੰਦਗੀ ਹੀ ਸੰਘਰਸ਼ ਹੈ ਅਤੇ ਸੰਘਰਸ਼ ਹੀ ਮੇਰੀ ਜ਼ਿੰਦਗੀ ਹੈ ਭਾਵ ਹੁਣ ਮੇਰੀ ਜ਼ਿੰਦਗੀ ਦਾ ਹਰ ਪਲ ਪੂਰੇ ਦੇਸ਼ ’ਚ ਆਪਣੀ ਪਾਰਟੀ ਨੂੰ ਹਰ ਪੱਧਰ ’ਤੇ ਮਜ਼ਬੂਤ ਬਣਾਉਣ ’ਚ ਹੀ ਲੱਗੇਗਾ।
ਬਸਪਾ ਪ੍ਰਧਾਨ ਨੇ ਸਭ ਤੋਂ ਪੱਛੜੀਆਂ ਸ਼੍ਰੇਣੀਆਂ, ਮੁਸਲਿਮ ਅਤੇ ਹੋਰ ਧਾਰਮਿਕ ਘੱਟਗਿਣਤੀਆਂ ਅਤੇ ਉੱਚ ਜਾਤੀਆਂ ਦੇ ਗ਼ਰੀਬ ਤੇ ਦੁਖੀ ਲੋਕਾਂ ਨੂੰ ਵੀ ਜੋੜਨ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤ ਗੇੜਾਂ ਲਈ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਈ ਸੀ ਅਤੇ ਸੂਬੇ ਦੀਆਂ 403 ਸੀਟਾਂ ’ਚੋਂ ਬਸਪਾ ਨੇ ਸਿਰਫ਼ ਇਕ ਸੀਟ ਜਿੱਤੀ ਸੀ। 2017 ਦੀਆਂ ਚੋਣਾਂ ’ਚ ਬਸਪਾ ਸਿਰਫ਼ 19 ਸੀਟਾਂ ਹੀ ਜਿੱਤ ਸਕੀ ਸੀ ਪਰ ਇਸ ਵਾਰ ਜਦੋਂ ਚੋਣਾਂ ਆਈਆਂ ਤਾਂ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਸਮਾਜਵਾਦੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ। 2007 ’ਚ ਮਾਇਆਵਤੀ ਦੀ ਅਗਵਾਈ ’ਚ ਉੱਤਰ ਪ੍ਰਦੇਸ਼ ਵਿਚ ਬਹੁਮਤ ਵਾਲੀ ਸਰਕਾਰ ਬਣਾਉਣ ਵਾਲੀ ਬਸਪਾ ਦੇ ਇਸ ਵਾਰ ਚੋਣ ਨਤੀਜੇ ਬਹੁਤ ਨਿਰਾਸ਼ਾਜਨਕ ਰਹੇ ਹਨ।