ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ’ਤੇ ਸ਼ਸ਼ੀ ਥਰੂਰ ਬੋਲੇ- ਮੈਂ ਬਦਲਾਅ ਲਈ ਖੜ੍ਹਾ ਹਾਂ
Monday, Oct 17, 2022 - 04:42 PM (IST)

ਤਿਰੂਵਨੰਤਪੁਰਮ- ਕਾਂਗਰਸ ਅਹੁਦੇ ਦੀ ਚੋਣ ’ਚ ਉਮੀਦਵਾਰ ਸ਼ਸ਼ੀ ਥਰੂਰ ਨੇ ਸੂਬੇ ਦੇ 264 ਹੋਰ ਪਾਰਟੀ ਵੋਟਰ (ਡੇਲੀਗੇਟ) ਨਾਲ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਬਦਲਾਅ ਲਈ ਖੜ੍ਹਾ ਹਾਂ। ਕੇਰਲ ’ਚ ਕੁੱਲ 310 ਡੇਲੀਗੇਟਸ ’ਚੋਂ 264 ਨੇ ਦੁਪਹਿਰ 1 ਵਜੇ ਤੱਕ ਵੋਟਾਂ ਪਾ ਲਈਆਂ ਸਨ। ਵੋਟਿੰਗ ਸ਼ਾਮ 4 ਵਜੇ ਖ਼ਤਮ ਹੋ ਗਈ। ਵੋਟ ਪਾਉਣ ਤੋਂ ਪਹਿਲਾਂ ਥਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਕੰਮਕਾਜ ਵਿਚ ਬਦਲਾਅ ਦੀ ਲੋੜ ਹੈ ਅਤੇ ਇਹ ਚੋਣਾਂ ਉਸੇ ਦਾ ਹਿੱਸਾ ਹੈ। ਵੋਟ ਪਾਉਣ ਮਗਰੋਂ ਉਨ੍ਹਾਂ ਨੇ ਕਿਹਾ ਕਿ ਉਹ ਚੋਣਾਂ ’ਚ ਆਪਣੇ ਲਈ ਨਹੀਂ ਖੜ੍ਹੇ ਨਹੀਂ ਹੋਏ ਸਗੋਂ ਕਾਂਗਰਸ ਅਤੇ ਦੇਸ਼ ਲਈ ਖੜ੍ਹੇ ਹੋਏ ਹਨ।
ਥਰੂਰ ਨੇ ਕਿਹਾ ਕਿ ਭਾਰਤ ਨੂੰ ਇਕ ਮਜ਼ਬੂਤ ਕਾਂਗਰਸ ਦੀ ਲੋੜ ਹੈ। ਮੈਂ ਆਪਣੇ ਸਿਆਸੀ ਭਵਿੱਖ ਲਈ ਨਹੀਂ ਸਗੋਂ ਕਾਂਗਰਸ ਅਤੇ ਭਾਰਤ ਲਈ ਚੋਣ ਲੜੀ ਹੈ। ਮੈਂ ਇੱਥੇ ਇਕ ਵਿਹਾਰਕ ਵਿਕਲਪ ਦੇ ਰੂਪ ’ਚ ਹੈ। ਮੈਂ ਬਦਲਾਅ ਲਈ ਖੜ੍ਹਾ ਹਾਂ। ਪਾਰਟੀ ਦੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਲਈ। ਥਰੂਰ ਨੇ ਇਹ ਵੀ ਕਿਹਾ ਕਿ ਦੋਹਾਂ ਪੱਖਾਂ ਨੂੰ ਕਾਫੀ ਗਿਣਤੀ ’ਚ ਵੋਟਾਂ ਮਿਲਣਗੀਆਂ ਅਤੇ ਇਹ ਚੋਣਾਂ ਕਿਸੇ ਪੱਖ ਲਈ ਆਸਾਨ ਨਹੀਂ ਹੋਣਗੀਆਂ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ ਵੀ ਇਸ ਅਹੁਦੇ ਲਈ ਮੈਦਾਨ ’ਚ ਹਨ।