ਮੈਂ ਕੋਈ ਗਲਤ ਕੰਮ ਨਹੀਂ ਕੀਤਾ ਜਿਸ ਕਾਰਨ ਅਸਤੀਫਾ ਦੇਣਾ ਪਵੇ : ਸਿੱਧਰਮਈਆ

Saturday, Aug 17, 2024 - 04:32 PM (IST)

ਬੈਂਗਲੁਰੂ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੈਸੂਰੂ ਸ਼ਹਿਰੀ ਵਿਕਾਸ ਅਧਿਕਾਰ (ਐਮਯੂਡੀਏ) ਜ਼ਮੀਨ ਵੰਡ 'ਘਪਲੇ’ ਸਬੰਧੀ ਸੂਬੇ ’ਚ ਰਾਜਪਾਲ ਵੱਲੋਂ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਬਾਅਦ ਸ਼ਨੀਵਾਰ ਨੂੰ ਅਸਤੀਫਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ। ਸਿੱਧਰਮਈਆ ਨੇ ਰਾਜਪਾਲ ਥਾਵਰਚੰਦ ਗਹਿਲੋਤ ਦੇ ਫੈਸਲੇ ਨੂੰ ‘‘ਸੰਵਿਧਾਨ ਵਿਰੋਧੀ ਅਤੇ ਕਾਨੂੰਨ ਵਿਰੁੱਧ’’ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ 'ਤੇ ਅਦਾਲਤ ’ਚ ਸਵਾਲ ਉਠਾਇਆ ਜਾਵੇਗਾ ਅਤੇ ਉਹ ਕਾਨੂੰਨੀ ਤੌਰ 'ਤੇ ਇਸ ਦਾ ਸਾਹਮਣਾ ਕਰਨਗੇ।
ਸਿੱਧਰਮਈਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਚੁਣੀ ਹੋਈ ਸਰਕਾਰ ਨੂੰ ਹਟਾਉਣ ਦੀ ਇਕ ਵੱਡੀ ਸਾਜਿਸ਼ ਹੈ। ਉਨ੍ਹਾਂ (ਭਾਜਪਾ) ਨੇ ਦਿੱਲੀ, ਝਾਰਖੰਡ ਸਮੇਤ ਕਈ ਸੂਬਿਆਂ ’ਚ ਹੁਣ ਤੱਕ ਇਹੀ ਕੀਤਾ ਹੈ। ਕਰਨਾਟਕ ’ਚ ਵੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਸਾਜਿਸ਼ ਰਚੀ ਗਈ ਹੈ। ਕੇਂਦਰ ਸਰਕਾਰ, ਭਾਜਪਾ, ਜੇ.ਡੀ.(ਐੱਸ) ਅਤੇ ਹੋਰ ਇਸ ਸਾਜਿਸ਼ ਵਿੱਚ ਸ਼ਾਮਿਲ ਹਨ।'' ਉਨ੍ਹਾਂ ਕਿਹਾ, ‘‘(ਕਾਂਗਰਸ ਦਾ) ਹਾਈ ਕਮਾਨ ਮੇਰੇ ਨਾਲ ਹੈ, ਪੂਰਾ ਮੰਤਰੀ ਮੰਡਲ ਅਤੇ ਸਰਕਾਰ ਮੇਰੇ ਨਾਲ ਹੈ। ਸਾਰੇ ਕਾਂਗਰਸ ਵਿਧਾਇਕ, ਵਿਧਾਨ ਪ੍ਰੀਸ਼ਦ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਮੇਰੇ ਨਾਲ ਹਨ... ਮੈਂ ਅਜਿਹਾ ਕੋਈ ਗਲਤ ਕੰਮ ਕੀਤਾ ਹੈ ਕਿ ਅਸਤਫਾ ਦੇਣਾ ਪਏ।'' ਵਿਰੋਧੀ ਪਾਰਟੀਆਂ 'ਤੇ ਗਲਤ ਕੰਮ ਕਰਨ ਅਤੇ ਗੈਰ-ਕਾਨੂੰਨੀ ਅਤੇ ਸੰਵਿਧਾਨ ਵਿਰੋਧੀ ਕਦਮ ਚੁੱਕਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ, ‘‘ਉਹ ਰਾਜਪਾਲ ਨੂੰ ਸਿਆਸੀ ਮੋਹਰੇ ਵਜੋਂ ਵਰਤ ਰਹੇ ਹਨ। ਰਾਜਪਾਲ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਵਾਂਗ ਕੰਮ ਕਰ ਰਹੇ ਹਨ।''
ਰਾਜਪਾਲ ਨੇ ਪ੍ਰਦੀਪ ਕੁਮਾਰ ਐੱਸ ਪੀ, ਟੀ ਜੇ ਅਬ੍ਰਾਹਮ ਅਤੇ ਸਨੇਹਮਈ ਕ੍ਰਿਸ਼ਨਾ ਦੀਆਂ ਰਿੱਟਾਂ ’ਚ ਵਰਣਿਤ ਕਥਿਤ ਅਪਰਾਧਾਂ ਲਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 17 ਏ ਅਤੇ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ, 2023 ਦੀ ਧਾਰਾ 218 ਦੇ ਤਹਿਤ ਮੁੱਖ ਮੰਤਰੀ ਖ਼ਿਲਾਫ਼ ਮਨਜ਼ੂਰੀ ਦਿੱਤੀ ਹੈ। ਸਿੱਧਰਮਈਆ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਪਾਲ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਦੀ ਆਸ ਸੀ। ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਇਸ ਦੀ ਆਸ ਸੀ। ਜਦੋਂ ਰਾਜਪਾਲ ਨੇ 26 ਜੁਲਾਈ ਨੂੰ, ਜਿਸ ਦਿਨ ਉਨ੍ਹਾਂ ਨੇ ਰਿੱਟ ਪ੍ਰਾਪਤ ਕੀਤੀ। ਉਸੇ ਦਿਨ ਮੈਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਇਸ ਦਾ ਕੀ ਮਤਲਬ ਹੈ।''


 


Sunaina

Content Editor

Related News