ਆਪਣੇ ਵਿਰੁੱਧ ਦਰਜ ਸਭ ਮੁਕੱਦਮਿਆਂ ਨੂੰ ਸਮਝਦਾ ਹਾਂ ਮੈਡਲਾਂ ਵਾਂਗ : ਰਾਹੁਲ

Thursday, Dec 05, 2019 - 11:23 PM (IST)

ਆਪਣੇ ਵਿਰੁੱਧ ਦਰਜ ਸਭ ਮੁਕੱਦਮਿਆਂ ਨੂੰ ਸਮਝਦਾ ਹਾਂ ਮੈਡਲਾਂ ਵਾਂਗ : ਰਾਹੁਲ

ਵਾਇਨਾਡ— ਕਾਂਗਰਸ ਦੇ ਸੀਨੀਅਰ ਆਗੂ ਤੇ ਵਾਇਨਾਡ ਤੋਂ ਲੋਕ ਸਭਾ ਦੇ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਜਪਾ ਅਤੇ ਉਸ ਦੇ ਵਰਕਰਾਂ ਨੇ ਪੂਰੇ ਦੇਸ਼ ਵਿਚ ਮੇਰੇ ਵਿਰੁੱਧ ਜਿਹੜੇ ਮੁਕੱਦਮੇ ਦਰਜ ਕਰਵਾਏ ਹਨ, ਤੋਂ ਮੈਂ ਡਰਦਾ ਨਹੀਂ।
ਵੀਰਵਾਰ ਇਥੇ ਇਕ ਪ੍ਰੋਗਰਾਮ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਮੈਂ ਤਾਂ ਇਨ੍ਹਾਂ ਮੁਕੱਦਮਿਆਂ ਨੂੰ ਮੈਡਲਾਂ ਵਾਂਗ ਸਮਝਦਾ ਹਾਂ। ਮੇਰੇ ਵਿਰੁੱਧ ਇਸ ਸਮੇਂ 15 ਤੋਂ 16 ਮੁਕੱਦਮੇ ਦਰਜ ਹਨ। ਜਦੋਂ ਅਸੀਂ ਕਿਸੇ ਫੌਜੀ ਦੀ ਵਰਦੀ ਨੂੰ ਵੇਖਦੇ ਹਾਂ ਤਾਂ ਉਸ 'ਤੇ ਕਈ ਮੈਡਲ ਲੱਗੇ ਹੁੰਦੇ ਹਨ। ਮੇਰੇ ਲਈ ਹਰ ਮੁਕੱਦਮਾ ਇਕ ਮੈਡਲ ਦੇ ਬਰਾਬਰ ਹੈ। ਇਨ੍ਹਾਂ 'ਮੈਡਲਾਂ' ਦੀ ਗਿਣਤੀ ਜਿੰਨੀ ਵੱਧ ਹੋਵੇਗੀ, ਮੈਂ ਓਨਾ ਹੀ ਖੁਸ਼ ਹੋਵਾਂਗਾ।

ਰਾਹੁਲ ਨੇ ਕਿਹਾ ਕਿ ਮੈਂ ਨਫਰਤ ਭਰੇ ਭਾਰਤ ਵਿਚ ਭਰੋਸਾ ਨਹੀਂ ਰੱਖਦਾ। ਦੇਸ਼ ਦੀ ਤਾਕਤ ਔਰਤਾਂ, ਸਭ ਧਰਮਾਂ, ਭਾਈਚਾਰਿਆਂ ਅਤੇ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਦੇ ਸਤਿਕਾਰ ਕਰਨ ਵਿਚ ਹੈ। ਮੇਰੇ ਵਿਰੁੱਧ ਜਦੋਂ ਵੀ ਮੁਕੱਦਮਾ ਦਰਜ ਹੋਵੇਗਾ, ਮੈਂ ਪਿਆਰ ਦੀ ਗੱਲ ਹੀ ਕਰਾਂਗਾ। ਜਿਹੜੇ ਵਿਅਕਤੀ ਮੇਰ ੇ ਵਿਰੁੱਧ ਮੁਕੱਦਮੇ ਦਰਜ ਕਰਵਾ ਰਹੇ ਹਨ, ਉਹ ਇਕ ਤਰ੍ਹਾਂ ਨਾਲ ਮੇਰੀ ਛਾਤੀ 'ਤੇ ਹੋਰ ਮੈਡਲ ਲਾ ਰਹੇ ਹਨ।

ਨਾਗਰਿਕਤਾ ਸੋਧ ਬਿੱਲ ਦਾ ਕਰਾਂਗੇ ਵਿਰੋਧ
ਰਾਹੁਲ ਨੇ ਕਿਹਾ ਕਿ ਸੋਮਵਾਰ ਲੋਕ ਸਭਾ ਵਿਚ ਪੇਸ਼ ਹੋਣ ਵਾਲੇ ਨਾਗਰਿਕਤਾ ਸੋਧ ਬਿੱਲ ਦੀ ਕਾਂਗਰਸ ਵਲੋਂ ਵਿਰੋਧਤਾ ਕੀਤੀ ਜਾਏਗੀ। ਕਾਂਗਰਸ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਵਿਰੁੱਧ ਹੈ। ਇਸ ਲਈ ਜਿਹੜਾ ਵੀ ਕਿਸੇ ਭਾਰਤੀ ਨਾਲ ਵਿਤਕਰਾ ਕਰੇਗਾ, ਕਾਂਗਰਸ ਉਸ ਦੀ ਵਿਰੋਧਤਾ ਕਰੇਗੀ।


author

KamalJeet Singh

Content Editor

Related News