ਕੋਵਿਡ-19 : 'ਹਾਈਡ੍ਰੋਕਸੀਕਲੋਰੋਕਵੀਨ' ਦਵਾਈ ਨੂੰ ਲੈ ਕੇ ਲੋਕਾਂ 'ਚ ਜਮਾਂ ਕਰਨ ਦੀ ਲੱਗੀ ਹੋੜ

Tuesday, Apr 14, 2020 - 12:00 PM (IST)

ਅਹਿਮਦਾਬਾਦ (ਭਾਸ਼ਾ)— ਗੁਜਰਾਤ 'ਚ ਕੋਰੋਨਾ ਵਾਇਰਸ ਤੋਂ ਬਚਣ 'ਚ ਮਹੱਤਵਪੂਰਨ ਮੰਨੀ ਜਾ ਰਹੀ ਹਾਈਡ੍ਰੋਕਸੀਕਲੋਰੋਕਵੀਨ ਦਾ ਸੇਵਨ ਕਰਨ ਦੇ ਨਾਲ ਹੀ ਇਸ ਨੂੰ ਜਮਾਂ ਕਰ ਕੇ ਵੀ ਰੱਖਣ ਦੀ ਹੋੜ ਲੱਗ ਗਈ ਹੈ। ਇਸ ਨੂੰ ਦੇਖਦਿਆਂ ਸਰਕਾਰ ਨੂੰ ਦਵਾਈ ਨੂੰ ਲੈ ਕੇ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਵਿਰੁੱਧ ਚਿਤਾਵਨੀ ਜਾਰੀ ਕਰਨੀ ਪਈ ਹੈ ਅਤੇ ਕੈਮਿਸਟਾਂ ਨੂੰ ਨਿਰਦੇਸ਼ ਜਾਰੀ ਕਰ ਕੇ ਇਸ ਨੂੰ ਬਿਨਾਂ ਡਾਕਟਰੀ ਸਲਾਹ ਦੇ ਨਾ ਵੇਚਣ ਨੂੰ ਕਿਹਾ ਹੈ। ਦੱਸ ਦੇਈਏ ਕਿ ਭਾਰਤ ਦੁਨੀਆ 'ਚ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜੋ ਮਲੇਰੀਆ ਦੇ ਇਲਾਜ 'ਚ ਇਸਤੇਮਾਲ ਹੁੰਦੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਸਰਕਾਰ ਤੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਇਸ ਦਵਾਈ ਦੀ ਬਰਾਮਦਗੀ ਕਰਨ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਇਸ ਦੀ ਮੰਗ ਵੱਧ ਗਈ ਹੈ। 

ਗੁਜਰਾਤ ਦੇ ਖੁਰਾਕ ਅਤੇ ਔਸ਼ਧੀ ਕੰਟਰੋਲ ਅਥਾਰਿਟੀ ਕਮਿਸ਼ਨਰ ਐੱਚ. ਜੀ. ਕੋਸ਼ੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਹਾਈਡ੍ਰੋਕਸੀਕਲੋਰੋਕਵੀਨ ਬਾਰੇ ਅਖਬਾਰ ਵਿਚ ਆਉਣ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਇਸ ਨੂੰ ਕੋਵਿਡ-19 ਦੇ ਇਲਾਜ 'ਚ ਪ੍ਰਭਾਵੀ ਦਵਾਈ ਦੱਸੇ ਜਾਣ ਤੋਂ ਬਾਅਦ ਲੋਕ ਇਸ ਨੂੰ ਖਰੀਦਣ ਲਈ ਸਟੋਰ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਤਾ ਲੱਗਾ ਹੈ ਕਿ ਕਈ ਲੋਕ ਦਵਾਈ ਦਾ ਸੇਵਨ ਕਰ ਰਹੇ ਹਨ ਜਾਂ ਕੋਰੋਨਾ ਵਾਇਰਸ ਦੇ ਡਰ ਤੋਂ ਇਸ ਨੂੰ ਜਮਾਂ ਕਰ ਕੇ ਰੱਖ ਰਹੇ ਹਨ। 

ਕੋਸ਼ੀਆ ਨੇ ਕਿਹਾ ਕਿ ਇਹ ਨਿਰਧਾਰਤ ਐੱਚ ਦਵਾਈ ਹੈ ਜਿਸ ਨੂੰ ਕੈਮਿਸਟ ਰਜਿਸਟਰਡ ਡਾਕਟਰ ਵਲੋਂ ਸਲਾਹ ਦਿੱਤੇ ਜਾਣ ਤੋਂ ਬਾਅਦ ਹੀ ਵੇਚ ਸਕਦਾ ਹੈ। ਜੇਕਰ ਲੋਕਾਂ 'ਚ ਕੋਵਿਡ-19 ਦੇ ਲੱਛਣ ਨਹੀਂ ਹਨ ਤਾਂ ਨਿਰਧਾਰਤ ਐੱਚ ਦਵਾਈ ਲੈਣਾ ਆਮ ਲੋਕਾਂ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਸੁਚੇਤ ਕੀਤਾ ਕਿ ਖੁਦ ਦਵਾਈ ਲੈਣਾ ਨੁਕਸਾਨ ਪਹੁੰਚਾਉਂਦਾ ਹੈ ਅਤੇ ਡਾਕਟਰ ਦੀ ਦੇਖ-ਰੇਖ 'ਚ ਨਾ ਲੈਣ 'ਤੇ ਇਸ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ ਅਸੀਂ ਲੋਕਾਂ ਨੂੰ ਬਿਨਾਂ ਡਾਕਟਰੀ ਸਲਾਹ ਦੇ ਦਵਾਈ ਨਾ ਲੈਣ ਦੀ ਸਲਾਹ ਦਿੰਦੇ ਹਾਂ। ਅਸੀਂ ਕੈਮਿਸਟਾਂ ਨੂੰ ਉਨ੍ਹਾਂ ਮਰੀਜ਼ਾਂ ਨੂੰ ਦਵਾਈ ਨਾ ਵੇਚਣ ਨੂੰ ਕਿਹਾ ਹੈ, ਜੋ ਡਾਕਟਰੀ ਸਲਾਹ ਦੇ ਬਿਨਾਂ ਆ ਰਹੇ ਹਨ।


Tanu

Content Editor

Related News