ਹੈਦਰਾਬਾਦ ਦੇ ਵਿਗਿਆਨੀ ਜੋਸ਼ੀਮਠ ’ਚ ਜ਼ਮੀਨ ਧੱਸਣ ਦੇ ਕਾਰਨਾਂ ਦਾ ਲਗਾਉਣਗੇ ਪਤਾ

Thursday, Jan 12, 2023 - 05:57 PM (IST)

ਹੈਦਰਾਬਾਦ ਦੇ ਵਿਗਿਆਨੀ ਜੋਸ਼ੀਮਠ ’ਚ ਜ਼ਮੀਨ ਧੱਸਣ ਦੇ ਕਾਰਨਾਂ ਦਾ ਲਗਾਉਣਗੇ ਪਤਾ

ਹੈਦਰਾਬਾਦ (ਭਾਸ਼ਾ)- ਉਤਰਾਖੰਡ ਦੇ ਜੋਸ਼ੀਮਠ ’ਚ ਜ਼ਮੀਨ ਧੱਸਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੀ.ਐਸ.ਆਈ.ਆਰ.-ਨੈਸ਼ਨਲ ਜੀਓ ਫਿਜ਼ੀਕਲ ਰਿਸਰਚ ਇੰਸਟੀਚਿਊਟ (ਐੱਨ.ਜੀ.ਆਰ.ਆਈ.) ਦੇ ਮਾਹਿਰਾਂ ਦੀ ਇਕ ਟੀਮ ਸਬ-ਸਰਫੇਸ ਫਿਜ਼ੀਕਲ ਮੈਪਿੰਗ ਲਈ ਪ੍ਰਭਾਵਿਤ ਕਸਬੇ ਦਾ ਦੌਰਾ ਕਰੇਗੀ। ਇਕ ਸੀਨੀਅਰ ਵਿਗਿਆਨੀ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਐੱਨ.ਜੀ.ਆਰ.ਆਈ. ਦੇ ਸੀਨੀਅਰ ਵਿਗਿਆਨੀ ਆਨੰਦ ਕੇ. ਪਾਂਡੇ ਦੀ ਅਗਵਾਈ ਹੇਠ 10 ਮੈਂਬਰੀ ਟੀਮ ਦੇ 13 ਜਨਵਰੀ ਨੂੰ ਜੋਸ਼ੀਮਠ ਪਹੁੰਚਣ ਅਤੇ ਅਗਲੇ ਦਿਨ ਤੋਂ ਆਪਣਾ ਕੰਮ ਸ਼ੁਰੂ ਕਰਨ ਦੀ ਸੰਭਾਵਨਾ ਹੈ। ਪਾਂਡੇ ਅਨੁਸਾਰ ਸਰਵੇਖਣ ਦੇ ਕੰਮ 'ਚ 2 ਹਫ਼ਤੇ ਲੱਗਣ ਦਾ ਅਨੁਮਾਨ ਹੈ। ਉਸ ਤੋਂ ਬਾਅਦ ਟੀਮ ਇਕੱਠੇ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੇਗੀ। ਬਦਰੀਨਾਥ ਅਤੇ ਹੇਮਕੁੰਟ ਸਾਹਿਬ ਵਰਗੇ ਪ੍ਰਸਿੱਧ ਤੀਰਥ ਅਸਥਾਨਾਂ ਅਤੇ ਅੰਤਰਰਾਸ਼ਟਰੀ ਸਕੀਇੰਗ ਸਥਾਨ ਔਲੀ ਦੇ ਲਾਂਘੇ ਵਜੋਂ ਜਾਣੇ ਜਾਂਦੇ ਜੋਸ਼ੀਮਠ ਨੂੰ ਜ਼ਮੀਨ ਧੱਸਣ ਅਤੇ ਇਮਾਰਤਾਂ 'ਚ ਤਰੇੜਾਂ ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ 13 ਜਨਵਰੀ ਨੂੰ ਉਥੇ ਪਹੁੰਚ ਜਾਵੇਗੀ। 

PunjabKesari

ਐੱਨ. ਜੀ. ਆਰ. ਆਈ. ਉੱਤਰਾਖੰਡ 'ਚ ਭੂਚਾਲ, ਹੜ੍ਹ ਅਤੇ ਜ਼ਮੀਨ ਧੱਸਣ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਪਿਛਲੇ ਚਾਰ ਸਾਲਾਂ ਤੋਂ ਕਈ ਖੋਜ ਕਾਰਜ ਕਰ ਰਿਹਾ ਹੈ। ਇੰਸਟੀਚਿਊਟ ਹੁਣ ਇਕ ਇਲੈਕਟ੍ਰੀਕਲ ਸਰਵੇਖਣ ਕਰੇਗਾ ਜੋ ਭੂਚਾਲ ਵਾਲੇ ਖੇਤਰਾਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਟੀਮ ਜ਼ਮੀਨ ਦੇ ਹੇਠਾਂ ਮਿੱਟੀ 'ਚ ਛੋਟੀਆਂ-ਛੋਟੀਆਂ ਤਰੇੜਾਂ ਅਤੇ ਥੋੜ੍ਹੀ ਮਾਤਰਾ 'ਚ ਪਾਣੀ ਜਮ੍ਹਾ ਹੋਣ ਦਾ ਪਤਾ ਲਾਉਣ ਲਈ ‘ਗਰਾਊਂਡ ਪੈਨੇਟਰੇਟਿੰਗ ਰਾਡਾਰ’ ਦੀ ਵਰਤੋਂ ਕਰੇਗੀ। ਇਸ ਤਕਨੀਕ ਤੋਂ ਇਲਾਵਾ ਲੈਂਡ ਮੈਪਿੰਗ ਦਾ ਵੀ ਸਹਾਰਾ ਲਿਆ ਜਾਵੇਗਾ। ਪਾਂਡੇ ਨੇ ਕਿਹਾ ਕਿ ਐੱਨ.ਜੀ.ਆਰ.ਆਈ. ਉੱਤਰਾਖੰਡ ਦੇ ਸਭ ਤੋਂ ਵੱਡੇ ਵਿਗਿਆਨਕ ਕੇਂਦਰਾਂ 'ਚੋਂ ਇੱਕ ਹੈ ਅਤੇ ਭਵਿੱਖ 'ਚ ਇਹ ਸੰਸਥਾ ਹੜ੍ਹਾਂ ਬਾਰੇ ਸ਼ੁਰੂਆਤੀ ਚਿਤਾਵਨੀਆਂ ਦੇਣ 'ਚ ਵੀ ਸਮਰੱਥ ਹੋਵੇਗੀ।

PunjabKesari


author

DIsha

Content Editor

Related News